''ਬਾਬਾ ਜੀ ਬਰਗਰ ਵਾਲੇ'' ਫਿਰ ਸੁਰਖੀਆਂ ''ਚ, ਅਣਮਿੱਥੇ ਸਮੇਂ ਲਈ ਧਰਨੇ ''ਤੇ ਬੈਠੇ

12/02/2019 3:49:23 PM

ਲੁਧਿਆਣਾ (ਨਰਿੰਦਰ) : ਭਾਈ ਰਵਿੰਦਰਪਾਲ ਸਿੰਘ ਉਰਫ ਬਾਬਾ ਜੀ ਬਰਗਰ ਵਾਲੇ ਇੱਕ ਵਾਰ ਮੁੜ ਤੋਂ ਸੁਰਖੀਆਂ 'ਚ ਹਨ। ਦਰਅਸਲ ਰਵਿੰਦਰ ਪਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਗਏ ਹਨ।  ਉਨ੍ਹਾਂ ਦੇ ਪੈਰ 'ਚ ਫਰੈਕਚਰ ਹੈ ਅਤੇ ਉਨ੍ਹਾਂ ਦੀ ਮੰਗ ਹੈ ਕਿ ਸੜਕਾਂ 'ਤੇ ਫਿਰਨ ਵਾਲੇ ਆਵਾਰਾ ਜਾਨਵਰਾਂ 'ਤੇ ਠੱਲ੍ਹ ਪਾਈ ਜਾਵੇ ਕਿਉਂਕਿ ਉਹ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।
ਰਵਿੰਦਰ ਪਾਲ ਸਿੰਘ ਉਰਫ ਬਾਬਾ ਜੀ ਬਰਗਰ ਵਾਲੇ ਨੇ ਕਿਹਾ ਕਿ ਗਿੱਲ ਰੋਡ 'ਤੇ ਉਨ੍ਹਾਂ ਦਾ ਦੋ ਵਾਰ ਅਵਾਰਾ ਜਾਨਵਰਾਂ ਕਾਰਨ ਐਕਸੀਡੈਂਟ ਹੋ ਗਿਆ, ਜਿਸ ਕਾਰਨ ਉਨ੍ਹਾਂ ਦੀ ਲੱਤ 'ਚ ਫਰੈਕਚਰ ਹੋ ਗਿਆ ਅਤੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਅਤੇ ਮਜਬੂਰੀ ਵੱਸ ਉਨ੍ਹਾਂ ਨੂੰ ਧਰਨੇ 'ਤੇ ਬੈਠਣ ਲਈ ਮਜਬੂਰ ਹੋਣਾ ਪਿਆ। ਰਵਿੰਦਰਪਾਲ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਸਰਕਾਰ ਟੈਕਸ ਲੈਣਾ ਬੰਦ ਕਰ ਦੇਵੇ ਜਾਂ ਫਿਰ ਜਿੰਨੇ ਆਵਾਰਾ ਪਸ਼ੂ ਸੜਕਾਂ 'ਤੇ ਘੁੰਮਦੇ ਹਨ, ਉਨ੍ਹਾਂ ਨੂੰ ਗਊਸ਼ਾਲਾ 'ਚ ਡੱਕਿਆ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਗਊਸ਼ਾਲਾ ਚਲਾ ਰਹੇ ਲੋਕ ਦੁੱਧ ਨਾ ਦੇਣ ਵਾਲੀਆਂ ਗਊਆਂ ਨੂੰ ਸੜਕਾਂ 'ਤੇ ਛੱਡ ਦਿੰਦੇ ਹਨ, ਉਨ੍ਹਾਂ 'ਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਰਵਿੰਦਰਪਾਲ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਇਹ ਮੰਗਾਂ ਪੂਰੀ ਨਹੀਂ ਹੁੰਦੀਆਂ ਉਹ ਲਗਾਤਾਰ ਧਰਨੇ 'ਤੇ ਡਟੇ ਰਹਿਣਗੇ।


Babita

Content Editor

Related News