ਸੈਕਸੂਅਲ ਹਿਰਾਸਮੈਂਟ ਕਰਨ ਦੇ ਦੋਸ਼ਾਂ 'ਚ ਘਿਰੀ ਬਾਬਾ ਫਰੀਦ ਯੂਨੀਵਰਸਿਟੀ
Tuesday, Sep 03, 2019 - 12:22 PM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਇਨ੍ਹੀਂ ਦਿਨੀ ਮੁੜ ਵੱਡੇ ਵਿਵਾਦਾਂ 'ਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਯੂਨੀਵਰਸਿਟੀ ਦੀ ਇਕ ਮਹਿਲਾ ਡਾਕਟਰ ਵਲੋਂ ਜ਼ਿਲਾ ਪੁਲਸ ਮੁੱਖੀ ਨੂੰ ਦਿੱਤੀ ਸ਼ਿਕਾਇਤ 'ਚ ਯੂਨੀਵਰਸਟੀ ਦੀ ਇਕ ਸੀਨੀਅਰ ਮਹਿਲਾ ਡਾਕਟਰ ਅਧਿਕਾਰੀ ਤੇ ਵਾਇਸ ਚਾਂਸਲਰ ਸਣੇ 3 ਲੋਕਾਂ ਖਿਲਾਫ ਸੈਕਸੂਅਲ ਹਿਰਾਸਮੈਂਟ ਦੇ ਦੋਸ਼ ਲਾਏ ਗਏ ਹਨ।ਇਸ ਪੂਰੇ ਮਾਮਲੇ ਦੀ ਪਰਤ ਉਦੋਂ ਖੁੱਲ੍ਹੀ ਜਦੋਂ ਪੀੜਤ ਮਹਿਲਾ ਡਾਕਟਰ ਦੀ ਸ਼ਿਕਾਇਤ 'ਤੇ ਕਿਸੇ ਨੇ ਕੋਈ ਕਾਰਵਾਈ ਨਾ ਕੀਤੀ, ਜਿਸ ਦਾ ਪੀੜਤ ਮਹਿਲਾ ਦੇ ਮਾਤਾ-ਪਿਤਾ ਵਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ।ਦੱਸ ਦੇਈਏ ਕਿ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਇਸ ਮਾਮਲੇ ਨੂੰ ਜਲਦ ਸੁਲਝਾ ਲੈਣ ਦੀ ਗੱਲ ਕਹਿ ਰਿਹਾ ਹੈ ਪਰ ਵੱਡੇ ਅਹੁਦਿਆ 'ਤੇ ਬੈਠੇ ਸਰਕਾਰੀ ਬਾਬੂਆਂ ਦੀ ਕਾਰਗੁਜ਼ਾਰੀ ਇਕ-ਵਾਰ ਫਿਰ ਸਵਾਲਾਂ ਦੇ ਘੇਰੇ 'ਚ ਜਰੂਰ ਆ ਗਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਡਾਕਟਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ (46) ਫਰੀਦਕੋਟ ਦੇ ਜੀ.ਜੀ.ਐੱਸ. ਮੈਡੀਕਲ ਕਾਲਜ ਅਤੇ ਹਸਪਤਾਲ 'ਚ ਪੀ.ਜੀ. ਦੀ ਡਿਗਰੀ ਕਰਦੀ ਹੈ। ਉਥੇ ਦੇ ਸੀਨੀਅਰ ਡਾਕਟਰ ਸ਼ੁਰੂ ਤੋਂ ਹੀ ਉਸ ਨਾਲ ਅਸ਼ਲੀਲ ਹਰਕਤਾਂ ਕਰਕੇ ਤੰਗ ਪ੍ਰੇਸ਼ਾਨ ਕਰਦੇ ਸਨ। ਪੜ੍ਹਾਈ ਪੂਰੀ ਕਰਨ ਲਈ ਉਨ੍ਹਾਂ ਦੀ ਕੁੜੀ ਕਿਵੇਂ ਨਾ ਕਿਵੇਂ ਇਹ ਸਭ ਸਹਿੰਦੀ ਰਹੀ ਪਰ ਪੇਪਰਾਂ ਦੇ ਅਖੀਰ 'ਚ ਸੀਨੀਅਰ ਡਾਕਟਰ ਨੇ ਉਸ ਨਾਲ ਬਹੁਤ ਗਲਤ ਵਿਵਹਾਰ ਕੀਤਾ ਅਤੇ ਅਸ਼ਲੀਲਤਾ ਭਰਪੂਰ ਕੰਮ ਕਰਨ ਲਈ ਕਿਹਾ। ਡਾਕਟਰ ਦੀਆਂ ਹਰਕਤਾਂ ਤੋਂ ਕੁੜੀ ਬਹੁਤ ਪਰੇਸ਼ਾਨ ਸੀ, ਜਿਸ ਕਾਰਨ ਉਸ ਦੇ ਨਾਲ ਦੀ ਕਿਸੇ ਪੀ.ਜੀ. ਡਾਕਟਰ ਨੇ ਇਸ ਦੀ ਗੁਪਤ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਕਰਨ ਮਗਰੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਉਸ ਸੀਨੀਅਰ ਡਾਕਟਰ ਨੇ ਉਸ ਨੂੰ ਹੋਰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ 4 ਪੋਸਟਾਂ ਕੱਢੀਆਂ ਗਈਆਂ ਸਨ, ਜਿਸ 'ਚ ਉਨ੍ਹਾਂ ਦੀ ਕੁੜੀ ਨੇ ਅਪਲਾਈ ਕੀਤਾ। ਇੰਟਰਵਿਊ ਸਮੇਂ ਉਨ੍ਹਾਂ ਦੀ ਕੁੜੀ ਹੀ ਉਥੇ ਸਿਰਫ ਹਾਜ਼ਰ ਹੋਈ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਕਹਿ ਕੇ ਉਸ ਦੀ ਇੰਟਰਵਿਊ ਲੈਣ ਤੋਂ ਮਨਾਂ ਕਰ ਦਿੱਤਾ ਕਿ ਵਾਇਸ ਚਾਂਸਲਰ ਵਲੋਂ ਉਨ੍ਹਾਂ ਦੀ ਚੋਣ ਕੀਤੇ ਜਾਣ ਦੀ ਮਨਾਹੀ ਕੀਤੀ ਗਈ ਹੈ। ਇਸ ਮਾਮਲੇ ਦੇ ਬਾਰੇ ਉਨ੍ਹਾਂ ਨੇ ਜ਼ਿਲਾ ਪੁਲਸ ਮੁਖੀ ਨੂੰ ਇਕ ਲਿਖਤ ਦਰਖਾਸਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਦੀ ਕੁੜੀ 'ਤੇ ਰਾਜੀਨਾਮਾ ਕਰਨ ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ।
ਡਾ. ਅਮਰ ਸਿੰਘ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲ ਕੇ ਸਮੁੱਚੀ ਘਟਨਾ ਦੀ ਜਾਣਕਾਰੀ ਦਿੱਤੀ ਸੀ ਅਤੇ ਇਨਸਾਫ ਦੀ ਮੰਗ ਕੀਤੀ ਸੀ ਪਰ ਵਾਈਸ ਚਾਂਸਲਰ ਨੇ ਮਾਮਲੇ ਪ੍ਰਤੀ ਗੰਭੀਰਤਾ ਦਿਖਾਉਣ ਦੀ ਥਾਂ ਉਸ ਨੂੰ ਬੇਇੱਜ਼ਤ ਕੀਤਾ। ਬਜ਼ੁਰਗ ਜੋਡ਼ੇ ਨੇ ਦੋਸ਼ ਲਾਇਆ ਕਿ ਜ਼ਿਲਾ ਪੁਲਸ ਦਬਾਅ ਹੇਠ ਕੰਮ ਕਰ ਰਹੀ ਹੈ, ਇਸ ਲਈ ਉਹ ਇਨਸਾਫ ਲੈਣ ਲਈ ਸਮਾਜ ਅਤੇ ਜਨਤਕ ਜਥੇਬੰਦੀਆਂ ਦਾ ਸਹਿਯੋਗ ਲੈਣਗੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਡਾਕਟਰਾਂ ਖਿਲਾਫ ਲਡ਼ਾਈ ਲਡ਼ਨਗੇ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਪਡ਼ਤਾਲ ਦੇ ਆਦੇਸ਼ ਦਿੱਤੇ ਹਨ ਅਤੇ ਜ਼ਿਲਾ ਵੋਮੈਨ ਸੈੱਲ ਇਸ ਸ਼ਿਕਾਇਤ ਦੀ ਪਡ਼ਤਾਲ ਕਰ ਰਿਹਾ ਹੈ। ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਪੀਡ਼ਤ ਮਹਿਲਾ ਡਾਕਟਰ ਦੇ ਬਿਆਨ ਦਰਜ ਕਰ ਲਏ ਹਨ। ਯੂਨੀਵਰਸਿਟੀ ਨੇ ਇਹ ਮਾਮਲਾ ਆਪਣੇ ਪੱਧਰ ’ਤੇ ਨਿਪਟਾਉਣ ਲਈ ਕਮੇਟੀ ਗਠਿਤ ਕੀਤੀ ਸੀ। ਪੁਲਸ ਮੁਖੀ ਨੇ ਕਿਹਾ ਕਿ ਵੋਮੈਨ ਸੈੱਲ ਦੀ ਰਿਪੋਰਟ ਦੇ ਆਧਾਰ ’ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਦਸ ਮੈਂਬਰੀ ਕਮੇਟੀ ਵੱਲੋਂ ਇਸ ਮਾਮਲੇ ਦੀ ਕੀਤੀ ਪਡ਼ਤਾਲ ਰਿਪੋਰਟ ਦੇ ਆਧਾਰ ’ਤੇ ਉਹ ਅਗਲੀ ਕਾਰਵਾਈ ਕਰਨਗੇ।