‘ਸਾਚਾ ਗੁਰੂ ਲਾਧੋ ਰੇ’ ਦਿਵਸ ’ਤੇ ਬਾਬਾ ਬਕਾਲਾ ਸਾਹਿਬ ਵਿਖੇ ਜੋੜ ਮੇਲਾ ਸ਼ੁਰੂ, ਨਤਮਸਤਕ ਹੋਈਆਂ ਸੰਗਤਾਂ

Friday, Aug 12, 2022 - 10:46 AM (IST)

ਬਾਬਾ ਬਕਾਲਾ ਸਾਹਿਬ/ਰਈਆ(ਅਠੌਲਾ/ਰਾਕੇਸ਼/ਕੰਗ/ਸਲਵਾਨ) : ਰੱਖੜ ਪੁੰਨਿਆ ਮੇਲਾ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸੰਸਾਰ ਪ੍ਰਸਿੱਧ ਸਾਲਾਨਾ ਜੋੜ ਮੇਲਾ ਵੀਰਵਾਰ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸ਼ਾਨੋਂ ਸ਼ੌਕਤ ਨਾਲ ਆਰੰਭ ਹੋ ਗਿਆ। ਹਜ਼ਾਰਾਂ ਸੰਗਤਾਂ ਪਵਿੱਤਰ ਸਰੋਵਰ ਸਾਹਿਬ ਵਿਖੇ ਇਸ਼ਨਾਨ ਕੀਤੇ ਅਤੇ ਗੁਰੂ ਘਰ ਨਤਮਸਤਕ ਹੋਈਆਂ। ਗੁ. ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਵਿਚ ਉੱਘੇ ਰਾਗੀ, ਢਾਡੀ, ਕਵੀਸ਼ਰ ਅਤੇ ਗੁਣੀ ਗਿਆਨੀ ਪ੍ਰਚਾਰਕਾਂ ਨੇ ਗੁਰਬਾਣੀ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਇਹ ਵੀ ਪੜ੍ਹੋ- ਭੋਗਪੁਰ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼, ਦੋਸ਼ੀ ਕਾਬੂ

ਇਹ ਦੀਵਾਨ 12 ਅਤੇ 13 ਅਗਸਤ ਨੂੰ ਵੀ ਚੱਲਦੇ ਰਹਿਣਗੇ, ਜਦਕਿ 12 ਅਗਸਤ ਨੂੰ ਰਾਤ ਨੂੰ ਮਹਾਨ ਕਵੀ ਦਰਬਾਰ ਹੋਵੇਗਾ । 14 ਨੂੰ ਭਾਰੀ ਅੰਮ੍ਰਿਤ ਸੰਚਾਰ ਹੋਵੇਗਾ। ਇਸੇ ਤਰ੍ਹਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵੱਲੋਂ ਵੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ਵੀ ਗੁ. ਛੇਵੀਂ ਪਾਤਸ਼ਾਹੀ, ਛਾਉਣੀ ਸਾਹਿਬ, ਕਥਾ ਘਰ ਸਰੋਵਰ ਸਾਹਿਬ, ਗੁ. ਮਾਤਾ ਗੰਗਾ ਜੀ ਆਦਿ ਅਸਥਾਨਾਂ ’ਤੇ ਧਾਰਮਿਕ ਦੀਵਾਨਾਂ ਦੀ ਆਰੰਭਤਾ ਕੀਤੀ ਗਈ, ਜਦਕਿ ਨਿਹੰਗ ਸਿੰਘ ਫੌਜਾਂ ਵੱਲੋਂ 13 ਅਗਸਤ ਨੂੰ ਮਹੱਲਾ ਸਜਾਇਆ ਜਾਵੇਗਾ, ਜਿਸ ਵਿਚ ਘੋਲ ਕਬੱਡੀ ਹੋਵੇਗੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੋੜ ਸਵਾਰੀ, ਨੇਜੇਬਾਜ਼ੀ ਅਤੇ ਗਤਕੇਬਾਜ਼ੀ ਦੇ ਜੌਹਰ ਦਿਖਾਏ ਜਾਣਗੇ । ਇਸ ਵਾਰ 12 ਅਗਸਤ ਨੂੰ ਸਿਰਫ਼ ਆਮ ਆਦਮੀ ਪਾਰਟੀ ਵੱਲੋਂ ਹੀ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਕਾਨਫਰੰਸ ਕੀਤੀ ਜਾ ਰਹੀ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਕੈਬਨਿਟ ਮੰਤਰੀਆਂ, ਸੀਨੀਅਰ ਆਗੂਆਂ ਦੇ ਪੁੱਜਣਗੇ, ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਆਸੀ ਕਾਨਫਰੰਸ ਨਾ ਕਰਨ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News