ਬੀ. ਏ. ਪੰਜਵੇਂ ਸਮੈਸਟਰ ਪਬਲਿਕ ਐਡਮਿਨੀਸਟ੍ਰੇਸ਼ਨ ਦਾ ਪੇਪਰ ਲੀਕ, ਪੀ. ਯੂ. ਨੇ ਕੀਤਾ ਰੱਦ

Saturday, Dec 16, 2017 - 12:34 PM (IST)

ਬੀ. ਏ. ਪੰਜਵੇਂ ਸਮੈਸਟਰ ਪਬਲਿਕ ਐਡਮਿਨੀਸਟ੍ਰੇਸ਼ਨ ਦਾ ਪੇਪਰ ਲੀਕ, ਪੀ. ਯੂ. ਨੇ ਕੀਤਾ ਰੱਦ

ਚੰਡੀਗੜ੍ਹ (ਰੋਹਿਲਾ) : ਸੈਕਟਰ-10 ਸਥਿਤ ਡੀ. ਏ. ਵੀ. ਕਾਲਜ ਵਿਚ ਬੀ. ਏ. ਪੰਜਵੇਂ ਸਮੈਸਟਰ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਪੇਪਰ ਲੀਕ ਹੋਣ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਗਈ। ਹੁਣ ਪ੍ਰੀਖਿਆ 23 ਜਨਵਰੀ ਨੂੰ ਹੋਵੇਗੀ। ਪੇਪਰ ਲੀਕ ਮਾਮਲੇ ਵਿਚ ਪੰਜਾਬ ਯੂਨੀਵਰਸਿਟੀ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹੇ ਹੋ ਗਏ ਹਨ। ਪੇਪਰ ਸਿਰਫ ਚੰਡੀਗੜ੍ਹ ਵਿਚ ਹੀ ਨਹੀਂ, ਬਲਕਿ ਪੰਜਾਬ ਦੇ ਕਈ ਸ਼ਹਿਰਾਂ ਵਿਚ ਲੀਕ ਹੋਇਆ ਹੈ। ਦਰਅਸਲ ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਡੀ. ਏ. ਵੀ. ਕਾਲਜ ਦਾ ਇਕ ਵਿਦਿਆਰਥੀ ਪ੍ਰੀਖਿਆ ਕੇਂਦਰ ਵਿਚ ਮੋਬਾਇਲ ਫੋਨ ਸਮੇਤ ਦਾਖਲ ਹੋ ਗਿਆ। ਜਦੋਂ ਸੁਪਰਡੈਂਟ ਨੇ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ ਮੋਬਾਇਲ ਨਿਕਲਿਆ। ਸੁਪਰਡੈਂਟ ਨੇ ਉਸ ਦਾ ਮੋਬਾਇਲ ਲੈ ਲਿਆ ਪਰ ਜਦੋਂ ਪ੍ਰੀਖਿਆ ਸ਼ੁਰੂ ਹੋਈ ਤਾਂ ਉਸ ਦੇ ਫੋਨ 'ਤੇ ਧੜਾਧੜ ਸੰਦੇਸ਼ ਆਉਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਜਦੋਂ ਚੈਕਿੰਗ ਕੀਤੀ ਗਈ ਤਾਂ ਪਾਇਆ ਗਿਆ ਕਿ ਵਿਦਿਆਰਥੀ ਦੇ ਫੋਨ ਵਿਚ ਦੋ ਗਰੁੱਪ ਅਜਿਹੇ ਸਨ, ਜਿਨ੍ਹਾਂ ਵਿਚ ਪ੍ਰਸ਼ਨ ਪੱਤਰ ਦੇ ਸਾਰੇ ਸਵਾਲਾਂ ਦੇ ਜਵਾਬ ਇਕ-ਇਕ ਕਰਕੇ ਆ ਰਹੇ ਸਨ। 
ਇਕ ਗਰੁੱਪ ਵਿਚ 255 ਮੈਂਬਰ ਸਨ, ਜਿਨ੍ਹਾਂ ਵਿਚ ਫਿਰੋਜ਼ਪੁਰ, ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਆਦਿ ਦੇ ਮੈਂਬਰ ਸਨ। ਕਾਲਜ ਪ੍ਰਸ਼ਾਸਨ ਨੂੰ ਸ਼ੱਕ ਹੋਇਆ ਤਾਂ ਉਸਨੇ ਇਸ ਦੀ ਸੂਚਨਾ ਪੰਜਾਬ ਯੂਨੀਵਰਸਿਟੀ ਵਿਚ ਕੰਟ੍ਰੋਲਰ ਆਫ ਐਗਜ਼ਾਮੀਨੇਸ਼ਨ ਨੂੰ ਦਿੱਤੀ, ਜਿਸ ਤੋਂ ਬਾਅਦ ਜਾਂਚ-ਪੜਤਾਲ ਲਈ ਦੋ ਮੈਂਬਰਾਂ ਦੀ ਟੀਮ ਭੇਜੀ ਗਈ। ਇਸ ਦੇ ਨਾਲ ਹੀ ਮੌਕੇ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ ਵੀ ਪਹੁੰਚੀ, ਜਿਸ ਤੋਂ ਬਾਅਦ 1 ਵਜੇ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਪਰਮਿੰਦਰ ਸਿੰਘ ਖੁਦ ਵੀ ਕਾਲਜ ਪਹੁੰਚੇ।
ਕਾਲਜ ਨੇ ਯੂ. ਐੱਮ. ਸੀ. ਕੇਸ ਭੇਜਿਆ ਪੀ. ਯੂ. ਨੂੰ 
ਡੀ. ਏ. ਵੀ. ਕਾਲਜ ਦੇ ਪ੍ਰਿੰਸੀਪਲ ਡਾ. ਬੀ. ਸੀ. ਜੋਸਨ ਨੇ ਦੱਸਿਆ ਕਿ ਜਿਵੇਂ ਹੀ ਮਾਮਲਾ ਉਨ੍ਹਾਂ ਦੇ ਸਾਹਮਣੇ ਆਇਆ, ਕਾਲਜ ਪ੍ਰਸ਼ਾਸਨ ਵਲੋਂ ਅਨਫੇਅਰ ਮੀਨਜ਼ ਕੇਸ (ਯੂ. ਐੱਮ. ਸੀ.) ਬਣਾ ਕੇ ਪੰਜਾਬ ਯੂਨੀਵਰਸਿਟੀ ਨੂੰ ਭੇਜ ਦਿੱਤਾ ਗਿਆ। ਇਸ ਮਾਮਲੇ ਵਿਚ ਅੱਗੇ ਦੀ ਕਾਰਵਾਈ ਪੰਜਾਬ ਯੂਨੀਵਰਸਿਟੀ ਹੀ ਕਰੇਗੀ ਕਿਉਂਕਿ ਵਿਦਿਆਰਥੀ ਪ੍ਰਾਈਵੇਟ ਪ੍ਰੀਖਿਆਰਥੀ ਸੀ। ਵਿਦਿਆਰਥੀ ਖਰੜ ਦਾ ਰਹਿਣ ਵਾਲਾ ਹੈ। 
ਪੀ. ਯੂ. ਨੇ ਗਠਿਤ ਕੀਤੀ ਜਾਂਚ ਕਮੇਟੀ 
ਜਾਣਕਾਰੀ ਮੁਤਾਬਕ ਪੀ. ਯੂ. ਵਲੋਂ ਡੀ. ਏ. ਵੀ. ਕਾਲਜ ਵਿਚ ਸਾਹਮਣੇ ਆਏ ਯੂ. ਐੱਮ. ਸੀ. ਮਾਮਲੇ ਸਬੰਧੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ, ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ।


Related News