ਆਯੁਸ਼ਮਾਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ, ਜਾਰੀ ਹੋਏ ਸਖ਼ਤ ਹੁਕਮ

Friday, Aug 02, 2024 - 01:08 PM (IST)

ਪਾਤੜਾਂ (ਮਾਨ) : ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ’ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਹੈ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣ-ਅਧਿਕਾਰਤ ਤੌਰ ’ਤੇ ਬਣਵਾਏ ਗਏ ਕਾਰਡ ਚੁੱਕੀ ਫਿਰ ਰਹੇ ਹਨ, ਜਿਨ੍ਹਾਂ ਦੀ ਪੜਤਾਲ ਹੋਣੀ ਸ਼ੁਰੂ ਹੋ ਗਈ ਹੈ। ਅਣ-ਅਧਿਕਾਰਤ ਆਯੁਸ਼ਮਾਨ ਕਾਰਡਾਂ ਰਾਹੀਂ ਹੋ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੋਂ ਤੱਕ ਕਿ ਹੁਣ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਜਾਂਚ ਵੀ ਕੀਤੀ ਜਾਣ ਲੱਗ ਪਈ ਹੈ। ਆਰ. ਟੀ. ਆਈ. ਮਾਹਿਰ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਪੰਜਾਬ ’ਚ ਸਿਹਤ ਬੀਮਾ ਯੋਜਨਾ ਵਾਲੇ ਅਣ-ਅਧਿਕਾਰਤ ਆਯੂਸ਼ਮਾਨ ਕਾਰਡ ਬਣਾਏ ਜਾਣ ਦਾ ਕਾਲਾ ਧੰਦਾ ਵੱਡੀ ਪੱਧਰ ’ਤੇ ਚੱਲ ਰਿਹਾ ਹੈ। ਵੱਡੀ ਗਿਣਤੀ ’ਚ ਕੰਪਿਊਟਰ ਸੈਂਟਰਾਂ ’ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਾਏ ਜਾ ਰਹੇ ਹਨ ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ ’ਚ ਕਾਰਡ ਚਲਾਉਣ ’ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਇਹ ਕਾਰਡ ਬਣਾਏ ਜਾਂਦੇ ਹਨ।

ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਮਗਰੋਂ ਕਾਂਗਰਸ 'ਚ ਖਲਬਲੀ, ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ

ਹੁਣ ਅਜਿਹੇ ਅਣ-ਅਧਿਕਾਰਤ ਆਯੁਸ਼ਮਾਨ ਕਾਰਡਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਹਸਪਤਾਲ ਚੌਕਸ ਹੋ ਗਏ ਹਨ। ਬੀਮਾ ਏਜੰਸੀ ਵੱਲੋਂ ਇਲਾਜ ਦੀ ਬਣਦੀ ਰਕਮ ਰੋਕੇ ਜਾਣ ਤੋਂ ਬਾਅਦ ਇਲਾਜ ਕਰਵਾ ਚੁੱਕੇ ਲੋਕਾਂ ਕੋਲੋਂ ਪੈਸੇ ਭਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਏਜੰਸੀ ਵੱਲੋਂ ਪੈਸੇ ਨਾ ਪਾਏ ਜਾਣ ਕਰਕੇ ਗੋਡਿਆਂ ਅਤੇ ਚੂਲਿਆਂ ਦੇ ਆਪ੍ਰੇਸ਼ਨ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਬੁਜਰਕ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਇਲਾਜ ਪ੍ਰਣਾਲੀ ਵਾਲੀ ਇਸ ਯੋਜਨਾ ਦੇ ਕਾਰਡ ਬਣਵਾਉਣ ਲਈ ਜੇ-ਫਾਰਮ, ਆਟਾ-ਦਾਲ ਵਾਲਾ ਕਾਰਡ ਜਾਂ ਫਿਰ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਕਾਰਡਾਂ ਨਾਲ ਸਬੰਧਤ ਪਰਿਵਾਰਾਂ ਦੇ ਕਾਰਡ ਬਣਾਏ ਗਏ ਸਨ। ਕੁਝ ਲੋਕਾਂ ਨੇ ਇਸ ਯੋਜਨਾ ਦਾ ਗਲਤ ਫਾਇਦਾ ਲੈ ਕੇ ਅਣ-ਅਧਿਕਾਰਤ ਕਾਰਡ ਬਣਾਏ ਜਾਣ ਦਾ ਧੰਦਾ ਸ਼ੁਰੂ ਕਰ ਲਿਆ। ਅਜਿਹੇ ਕਾਰਡਾਂ ਨੂੰ ਬਣਾਉਣ ਲਈ 2 ਹਜ਼ਾਰ ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਵਸੂਲੇ ਜਾ ਰਹੇ ਸਨ।

ਇਹ ਵੀ ਪੜ੍ਹੋ : ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਅਹਿਮ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

ਪੰਜਾਬ ਦੇ ਕੁਝ ਨਿੱਜੀ ਹਸਪਤਾਲਾਂ ’ਚ ਇਲਾਜ ਲਈ ਦਾਖਲ ਹੋਣ ਵਾਲੇ ਲੋਕਾਂ ਦਾ ਕਾਰਡ ਗੈਰ-ਮਾਨਤਾ ਪ੍ਰਾਪਤ ਹੋਣ ਕਰ ਕੇ ਰੱਦ ਹੋ ਜਾਂਦਾ ਸੀ ਪਰ ਕਾਨੂੰਨੀ ਤੌਰ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਕਿਸੇ ਹੋਰ ਸ਼ਹਿਰ ’ਚ ਬਣੇ ਹੋਏ ਆਯੁਸ਼ਮਾਨ ਕਾਰਡ ਵਾਲਾ ਨੰਬਰ ਚੁੱਕ ਕੇ ਜਾਂ ਤਾਂ ਨਾਂ ਬਦਲ ਦਿੱਤਾ ਜਾਂਦਾ ਹੈ ਜਾਂ ਫਿਰ ਉਸੇ ਹੀ ਨਾਂ ਵਾਲੀ ਆਈ. ਡੀ. ਲੱਭ ਕੇ ਕਾਰਡ ਬਣਾ ਦਿੱਤਾ ਜਾਂਦਾ ਹੈ। ਹਰ ਰੋਜ਼ ਹੀ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨੀਂ ਉਨ੍ਹਾਂ ਕੋਲ ਆਯੁਸ਼ਮਾਨ ਕਾਰਡ ਬਣਾਏ ਜਾਣ ਦਾ ਇਕ ਅਜਿਹਾ ਮਾਮਲਾ ਵੀ ਆਇਆ ਕਿ ਔਰਤ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਸੀ ਪਰ ਉਸ ਦੇ ਨਾਂ ’ਤੇ 2 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਲੈ ਕੇ ਅਣ-ਅਧਿਕਾਰਤ ਕਾਰਡ ਕਿਸੇ ਹੋਰ ਕਸਬੇ ’ਚ ਬਣਾ ਦਿੱਤਾ ਗਿਆ। ਜਦੋਂ ਪਰਿਵਾਰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਗਿਆ ਤਾਂ ਆਯੁਸ਼ਮਾਨ ਕਾਰਡ ਵਾਲੀ ਆਈ. ਡੀ. ਪਟਿਆਲੇ ਸ਼ਹਿਰ ਦੀ ਇਕ ਔਰਤ ਦੇ ਨਾਂ ’ਤੇ ਚੱਲ ਰਹੀ ਸੀ ਪਰ ਸਿਹਤ ਬੀਮਾ ਯੋਜਨਾ ਵਾਲੇ ਕਾਰਡ ’ਚ ਕਸਬੇ ਦੀ ਰਹਿਣ ਵਾਲੀ ਔਰਤ ਦਾ ਨਾਂ ਸੀ, ਜਿਸ ਕਰ ਕੇ ਉਹ ਕਾਰਡ ਨਹੀਂ ਚੱਲ ਸਕਿਆ। ਹੋਰ ਵੀ ਕਈ ਢੰਗਾਂ ਨਾਲ ਨਕਲੀ ਕਾਰਡ ਬਣਾਏ ਜਾ ਰਹੇ ਹਨ ਪਰ ਸਰਕਾਰ ਜਾਂ ਸਿਹਤ ਵਿਭਾਗ ਵੱਲੋਂ ਇਸ ਕਾਲੇ ਧੰਦੇ ਵੱਲ ਕੋਈ ਧਿਆਨ ਨਹੀਂ ਗਿਆ।

ਇਹ ਵੀ ਪੜ੍ਹੋ : ਚਾਰ ਮਹੀਨਿਆਂ ਦੀ ਗਰਭਵਤੀ ਨਿਕਲੀ 13 ਸਾਲਾ ਧੀ, ਜਦੋਂ ਸੱਚ ਸੁਣਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਹੁਣ ਬੀਮਾ ਏਜੰਸੀ ਵੱਲੋਂ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯੁਸ਼ਮਾਨ ਯੋਜਨਾ ਵਾਲੇ ਕਾਰਡ ਅਣ-ਅਧਿਕਾਰਤ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਹੈ। ਇਸ ਮਾਮਲੇ ’ਚ ਸਭ ਤੋਂ ਵੱਧ ਰਗੜਾ ਗੋਡੇ ਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ-ਸਰਕਾਰੀ ਹਸਪਤਾਲ ’ਚ ਅਜਿਹਾ ਆਯੁਸ਼ਮਾਨ ਕਾਰਡ ਲੈ ਕੇ ਆਉਂਦਾ ਹੈ, ਉਸ ਦਾ ਕਾਰਡ ਜ਼ਬਤ ਕਰ ਕੇ ਕਾਰਡ ਜਾਰੀ ਕਰਨ ਵਾਲੇ ਵਿਅਕਤੀਆਂ ’ਤੇ ਧੋਖਾਦੇਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਅਣ-ਅਧਿਕਾਰਤ ਆੁਸ਼ਮਾਨ ਕਾਰਡ ਵਾਲੇ ਵਿਅਕਤੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ।

ਇਹ ਵੀ ਪੜ੍ਹੋ : ਲੱਖਾਂ ਰੁਪਏ ਲਗਾ ਕੇ ਇੰਗਲੈਂਡ ਭੇਜੀ ਪ੍ਰੇਮਿਕਾ ਨੇ ਥੋੜੇ ਦਿਨਾਂ 'ਚ ਬਦਲੇ ਰੰਗ, ਮੁੰਡੇ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News