ਅਯੁੱਧਿਆ ’ਚ ਨਿਹੰਗ ਸਿੰਘਾਂ ਨੇ ਸਾਂਭਿਆ ਮੋਰਚਾ, ਸੰਗਤ ਲਈ ਲਗਾ ਦਿੱਤਾ ਲੰਗਰ
Sunday, Jan 21, 2024 - 06:21 PM (IST)
ਚੰਡੀਗੜ੍ਹ : ਅਯੁੱਧਿਆ ਵਿਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਨਿਹੰਗ ਬਾਬਾ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਹੈ। ਦਰਅਸਲ ਸਾਲ 1858 ਦੇ ਨਵੰਬਰ ਮਹੀਨੇ ਵਿਚ ਨਿਹੰਗ ਬਾਬਾ ਫਕੀਰ ਸਿੰਘ ਦੀ ਅਗਵਾਈ ਵਿਚ 25 ਨਿਹੰਗ ਸਿੰਘਾਂ (ਸਿੱਖਾਂ) ਨੇ ਬਾਬਰੀ ਮਸਜਿਦ ਦੇ ਢਾਂਚੇ ’ਤੇ ਕਬਜ਼ਾ ਕਰਕੇ ਇਸ ਵਿਚ ਹਵਨ ਕੀਤਾ ਸੀ, ਨਾਲ ਹੀ ਕੰਧਾਂ ’ਤੇ ਰਾਮ-ਰਾਮ ਲਿਖਿਆ ਅਤੇ ਭਗਵੇਂ ਝੰਡੇ ਵੀ ਲਗਾਏ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ ਬਾਬਰੀ ਮਸਜਿਦ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਅਵਧ ਵਿਚ ਥਾਣੇਦਾਰ ਵਲੋਂ 30 ਨਵੰਬਰ 1858 ਐੱਫ. ਆਈ. ਆਰ. ਦਰਜ ਕੀਤੀ ਗਈ। ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਕਹਿਣਾ ਹੈ ਕਿ ਉਪਰੋਕਤ ਇਤਿਹਾਸਕ ਘਟਨਾ ਰਾਮ ਮੰਦਰ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਵਿਚ ਵੀ ਅਹਿਮ ਸਬੂਤ ਵਜੋਂ ਦਰਜ ਹੈ।
ਇਹ ਵੀ ਪੜ੍ਹੋ : ਸਕੂਲ ਬੰਦ ਹੋਣ ਕਾਰਣ ਬੋਰਡ ਪ੍ਰੀਖਿਆਵਾਂ ਦੇ ਚੱਲਦੇ ਮਾਪੇ ਚਿੰਤਾ ’ਚ, ਵਿਭਾਗ ਨੂੰ ਕੀਤੀ ਇਹ ਅਪੀਲ
ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਹੁਣ ਜਦੋਂ 22 ਜਨਵਰੀ, 2024 ਨੂੰ ਸ੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ ਤਾਂ ਉਹ ਆਪਣੇ ਨਿਹੰਗ ਸਿੰਘ ਸਾਥੀਆਂ ਨਾਲ ਅਯੁੱਧਿਆ ਵਿਖੇ ਲੰਗਰ ਲਾ ਕੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਸੇਵਾ ਕਰਨਗੇ। ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਹੋਣ ਦੇ ਨਾਤੇ ਉਨ੍ਹਾਂ ਦੀ ਸਨਾਤਨ ਧਰਮ ਵਿਚ ਓਨੀ ਹੀ ਆਸਥਾ ਹੈ, ਜਿੰਨੀ ਸਿੱਖ ਧਰਮ ਵਿਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਨਿਹੰਗ ਸਿੰਘਾਂ ਅਤੇ ਸਨਾਤਨ ਵਿਚਾਰਧਾਰਾ ਵਿਚਕਾਰ ਤਾਲਮੇਲ ਕਾਇਮ ਰੱਖਦਿਆਂ ਉਨ੍ਹਾਂ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਇਕ ਪਾਸੇ ਉਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਅਤੇ ਦੂਜੇ ਪਾਸੇ ਆਪਣੇ ਗਲੇ ਵਿਚ ਰੁਦਰਾਕਸ਼ ਦੀ ਮਾਲਾ ਵੀ ਪਹਿਨੀ ਹੋਈ ਹੈ। ਜਥੇਦਾਰ ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਜਦੋਂ ਵੀ ਦੇਸ਼ ਅਤੇ ਧਰਮ ਨੂੰ ਉਨ੍ਹਾਂ ਦੀ ਲੋੜ ਪਵੇਗੀ ਤਾਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਦੇ ਵੀ ਪਿੱਛੇ ਨਹੀਂ ਹਟੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8