ਵਿਜੀਲੈਂਸ ਦੀ ਵੱਡੀ ਕਾਰਵਾਈ: 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਮਾਈਨਿੰਗ ਵਿਭਾਗ ਦਾ ਐਕਸੀਅਨ ਤੇ SDO ਕਾਬੂ

Thursday, Aug 31, 2023 - 06:28 PM (IST)

ਵਿਜੀਲੈਂਸ ਦੀ ਵੱਡੀ ਕਾਰਵਾਈ: 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਮਾਈਨਿੰਗ ਵਿਭਾਗ ਦਾ ਐਕਸੀਅਨ ਤੇ SDO ਕਾਬੂ

ਹੁਸ਼ਿਆਰਪੁਰ : (ਘੁੰਮਣ) : ਸੂਬੇ 'ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਈਨਿੰਗ ਵਿਭਾਗ ਦੇ ਇਕ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਅਤੇ ਇਕ ਉਪ ਮੰਡਲ ਅਫ਼ਸਰ (ਐੱਸ.ਡੀ.ਓ.) ਨੂੰ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੁਸ਼ਿਆਰਪੁਰ 'ਚ ਤਾਇਨਾਤ ਐਕਸੀਅਨ ਸਰਤਾਜ ਸਿੰਘ ਰੰਧਾਵਾ ਤੇ ਦਸੂਹਾ ਦੇ ਐੱਸ.ਡੀ.ਓ. ਹਰਜਿੰਦਰ ਸਿੰਘ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਰਾਓਂ ਤਹਿਸੀਲ ਦੇ ਪਿੰਡ ਢੋਲਣ ਵਾਸੀ ਜਸਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਰੀਗਲ ਇੰਟਰਪ੍ਰਾਈਜ਼ਿਜ਼ ਕੰਪਨੀ ਵਿੱਚ ਸਾਈਟ ਕੰਟਰੋਲਰ ਵਜੋਂ ਕੰਮ ਕਰਦਾ ਹੈ। ਕੰਪਨੀ ਨੂੰ ਮੁਕੇਰੀਆਂ-ਤਲਵਾੜਾ ਰੇਲਵੇ ਲਾਈਨ 'ਤੇ ਮਿੱਟੀ ਪਾਉਣ ਦਾ ਠੇਕਾ ਮਿਲਿਆ ਸੀ ਅਤੇ ਕੰਪਨੀ ਨੇ ਦਸੂਹਾ ਤਹਿਸੀਲ ਦੇ ਪਿੰਡ ਘਗਵਾਲ ਤੋਂ ਮਿੱਟੀ ਚੁੱਕਣ ਲਈ ਸਬੰਧਤ ਵਿਭਾਗ ਕੋਲ ਸਰਕਾਰ ਵੱਲੋਂ ਨਿਰਧਾਰਤ ਫੀਸ 41,10,117 ਰੁਪਏ ਵੀ ਜਮ੍ਹਾ ਕਰਵਾ ਦਿੱਤੀ ਸੀ।

ਇਹ ਵੀ ਪੜ੍ਹੋ : ਵਿਜੀਲੈਂਸ ਵਿਭਾਗ ਦੇ ਅਧਿਕਾਰੀ ਬਣ ਕੀਤਾ ਕਾਰਨਾਮਾ, 2 ਸਾਬਕਾ ਫ਼ੌਜੀਆਂ ਸਣੇ 3 ਗ੍ਰਿਫ਼ਤਾਰ

ਇਸ ਉਪਰੰਤ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਜਿਸ ਜ਼ਮੀਨ ਲਈ ਉਨ੍ਹਾਂ ਨੇ ਫੀਸ ਅਦਾ ਕੀਤੀ ਹੈ, ਉਹ ਜ਼ਮੀਨ ਜੰਗਲਾਤ ਵਿਭਾਗ ਦੀ ਧਾਰਾ 4 ਅਤੇ 5 ਅਧੀਨ ਆਉਂਦੀ ਹੈ। ਕੰਪਨੀ ਨੇ ਮਾਰਚ 2023 ਵਿੱਚ ਰਾਇਲਟੀ ਤਬਦੀਲ ਕਰਨ ਲਈ ਅਰਜ਼ੀ ਦਿੱਤੀ ਸੀ। ਸ਼ਿਕਾਇਤਕਰਤਾ ਆਪਣੇ ਸੀਨੀਅਰ ਜਤਿੰਦਰ ਸਿੰਘ ਨੂੰ ਨਾਲ ਲੈ ਕੇ 20 ਜੁਲਾਈ ਨੂੰ ਉਕਤ ਐਕਸੀਅਨ ਤੇ ਐੱਸ.ਡੀ.ਓ ਨੂੰ ਦਫ਼ਤਰ ਵਿੱਚ ਮਿਲੇ। ਐਕਸੀਅਨ ਸਰਤਾਜ ਰੰਧਾਵਾ ਨੇ ਕਿਹਾ ਕਿ ਰਾਇਲਟੀ ਟਰਾਂਸਫਰ ਨਹੀਂ ਕੀਤੀ ਜਾ ਸਕਦੀ ਪਰ ਵਾਰ-ਵਾਰ ਬੇਨਤੀ ਕਰਨ 'ਤੇ ਐਕਸੀਅਨ ਨੇ ਕਿਹਾ ਕਿ ਇਸ ਸਬੰਧੀ ਐੱਸ.ਡੀ.ਓ. ਹਰਜਿੰਦਰ ਸਿੰਘ ਉਨ੍ਹਾਂ ਨਾਲ ਗੱਲ ਕਰੇਗਾ।

ਇਹ ਵੀ ਪੜ੍ਹੋ : ਪਹਿਲਾਂ ਇਨਸਾਨ ਤੋਂ ਕੁੱਤਾ ਬਣਨ ਲਈ ਖਰਚ ਦਿੱਤੇ 12 ਲੱਖ, ਹੁਣ ਇਸ ਸ਼ਖ਼ਸ ਨੇ ਕੀਤਾ ਅਜੀਬੋ-ਗਰੀਬ ਦਾਅਵਾ

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕੁਝ ਦਿਨਾਂ ਉਪਰੰਤ ਮੁਲਜ਼ਮ ਐੱਸ.ਡੀ.ਓ. ਨੇ ਜਤਿੰਦਰ ਸਿੰਘ ਨੂੰ ਦਸੂਹਾ ਸਥਿਤ ਆਪਣੇ ਦਫ਼ਤਰ ਬੁਲਾਇਆ ਅਤੇ ਦੱਸਿਆ ਕਿ ਐਕਸੀਅਨ ਸਰਤਾਜ ਰੰਧਾਵਾ ਨੇ ਰਾਇਲਟੀ ਟਰਾਂਸਫਰ ਕਰਨ ਬਦਲੇ 12 ਲੱਖ ਰੁਪਏ ਰਿਸ਼ਵਤ ਮੰਗੀ ਹੈ। ਬਾਅਦ ਵਿੱਚ ਮੁਲਜ਼ਮ ਐੱਸ.ਡੀ.ਓ. 8 ਲੱਖ ਰੁਪਏ ਵਿੱਚ ਰਾਜ਼ੀ ਹੋ ਗਿਆ। ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ ਹੁਸ਼ਿਆਰਪੁਰ ਦੀ ਟੀਮ ਨੇ ਟ੍ਰੈਪ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਕਸੀਅਨ ਸਰਤਾਜ ਰੰਧਾਵਾ ਤੇ ਐੱਸ.ਡੀ.ਓ. ਹਰਜਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 34 ਅਧੀਨ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਿਖੇ ਮਿਤੀ 31 ਅਗਸਤ ਨੂੰ ਐੱਫ.ਆਈ.ਆਰ. ਨੰ. 22 ਤਹਿਤ ਦਰਜ ਕੀਤੀ ਗਈ ਹੈ। ਦੋਵਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News