ਆਟੋ ਚਾਲਕ ਨੇ ਜੰਗਲੀ ਇਲਾਕੇ 'ਚ ਜਨਾਨੀ ਨਾਲ ਕੀਤੀ ਵਾਰਦਾਤ, ਜਾਨ ਬਚਾਉਣ ਲਈ ਮਾਰੀ ਛਾਲ
Wednesday, Nov 18, 2020 - 01:13 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ 'ਚ ਅਪਰਾਧੀ ਬੇਲਗਾਮ ਹੋ ਗਏ ਹਨ। 16 ਨਵੰਬਰ ਸ਼ਾਮ ਨੂੰ ਆਟੋ ਚਾਲਕ ਨੇ ਜਨਾਨੀ ਤੋਂ ਗਹਿਣੇ ਅਤੇ ਨਕਦੀ ਲੁੱਟ ਲਈ। ਸੈਕਟਰ-37, 38, 40, 41 ਚੌਂਕ ਤੋਂ ਉਸ ਨੇ ਮਾਂ-ਧੀ ਨੂੰ ਬਿਠਾਇਆ ਅਤੇ ਮਾਂ ਨੂੰ ਸੈਕਟਰ -40 ਸਥਿਤ ਘਰ ਕੋਲ ਉਤਾਰਣ ਤੋਂ ਬਾਅਦ ਧੀ ਨੂੰ ਪਲਸੌਰਾ ਟਰਨ ਦੀ ਥਾਂ ਜੀਰੀ ਮੰਡੀ ਦੇ ਪਿਛਲੇ ਪਾਸੇ ਲੈ ਗਿਆ। ਜਨਾਨੀ ਦੇ ਵਿਰੋਧ ਕਰਨ ’ਤੇ ਵੀ ਜਦੋਂ ਚਾਲਕ ਨੇ ਆਟੋ ਨਾ ਰੋਕਿਆ ਤਾਂ ਜਨਾਨੀ ਨੇ ਆਟੋ ਤੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੇ ਆਟੋ ਰੋਕ ਕੇ 55 ਸਾਲਾ ਜਨਾਨੀ ਦਾ ਗਲਾ ਘੁੱਟ ਕੇ ਉਸ ਤੋਂ ਸੋਨੇ ਦੀ ਚੇਨ, ਅੰਗੂਠੀ, ਕੰਨਾਂ ਦੀਆਂ ਵਾਲੀਆਂ ਅਤੇ 10 ਹਜ਼ਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਿਆ। ਮਲੋਆ ਪੁਲਸ ਨੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਯੂਥ ਕਾਂਗਰਸੀ ਆਗੂ ਦੇ ਰੈਸਟੋਰੈਂਟ 'ਚ ਅਚਾਨਕ ਚੱਲੀ ਗੋਲੀ, ਨੌਜਵਾਨ ਦੇ ਢਿੱਡ 'ਚ ਲੱਗੀ
ਸੈਕਟਰ-38 'ਚ ਆਪਣੀ ਦੁਕਾਨ ਤੋਂ ਪਰਤ ਰਹੀ ਸੀ
ਖਰੜ ਵਾਸੀ ਪੁਸ਼ਪਾ (55) ਨੇ ਦੱਸਿਆ ਕਿ ਉਸ ਦੀ ਸੈਕਟਰ-38 'ਚ ਦੁਕਾਨ ਹੈ। ਰੋਜ਼ਾਨਾਂ ਦੀ ਤਰ੍ਹਾਂ ਸੋਮਵਾਰ ਸ਼ਾਮ ਨੂੰ ਵੀ ਉਹ ਮਾਂ ਨਾਲ ਦੁਕਾਨ ਬੰਦ ਕਰ ਕੇ ਘਰ ਲਈ ਨਿਕਲੀ ਸੀ। ਇਸ ਦੌਰਾਨ ਸੈਕਟਰ- 37, 38, 40, 41 ਚੌਂਕ ਤੋਂ ਆਟੋ ਲਿਆ। ਆਟੋ ਚਾਲਕ ਨੇ ਉਸ ਦੀ ਮਾਂ ਨੂੰ ਸੈਕਟਰ-40, 41 ਲਾਈਟ ਪੁਆਇੰਟ ’ਤੇ ਉਤਾਰ ਦਿੱਤਾ, ਕਿਉਂਕਿ ਮਾਂ ਨੂੰ ਸੈਕਟਰ-40 ਸਥਿਤ ਆਪਣੇ ਘਰ ਹੀ ਜਾਣਾ ਸੀ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਲੈ ਕੇ ਖਰੜ ਵੱਲ ਨਿਕਲ ਗਿਆ।
ਇਹ ਵੀ ਪੜ੍ਹੋ : ਮਾਣਹਾਨੀ ਕੇਸ 'ਚ 'ਸੁਖਬੀਰ ਬਾਦਲ' ਦੇ ਜ਼ਮਾਨਤੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਮੂੰਹ ਬੰਦ ਕੀਤਾ, ਗਲਾ ਘੁੱਟਿਆ ਤੇ ਲੁੱਟੇ ਗਹਿਣੇ
ਰਾਹ 'ਚ ਚਾਲਕ ਪਲਸੌਰਾ ਵੱਲ ਟਰਨ ਲੈਣ ਦੀ ਥਾਂ ਆਟੋ ਜੀਰੀ ਮੰਡੀ ਦੇ ਪਿਛਲੇ ਪਾਸੇ ਜੰਗਲੀ ਇਲਾਕੇ 'ਚ ਲੈ ਗਿਆ। ਚਾਲਕ ਦੀ ਨੀਅਤ ’ਤੇ ਸ਼ੱਕ ਹੋਣ ’ਤੇ ਜਨਾਨੀ ਨੇ ਉਸ ਦਾ ਵਿਰੋਧ ਕਰਦੇ ਹੋਏ ਆਟੋ ਰੋਕਣ ਲਈ ਕਿਹਾ ਪਰ ਮੁਲਜ਼ਮ ਨੇ ਆਟੋ ਨਹੀਂ ਰੋਕਿਆ ਅਤੇ ਦੋਹਾਂ ਵਿਚਕਾਰ ਹੱਥੋਪਾਈ ਹੋਣ ਲੱਗੀ। ਇਸ ਦੌਰਾਨ ਸ਼ਿਕਾਇਤਕਰਤਾ ਜਨਾਨੀ ਨੇ ਭੱਜਣ ਲਈ ਆਟੋ ਤੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੇ ਆਟੋ ਤੁਰੰਤ ਰੋਕ ਕੇ ਜਨਾਨੀ ਦਾ ਗਲਾ ਘੁੱਟਦੇ ਹੋਏ ਉਸ ਦਾ ਮੂੰਹ ਬੰਦ ਕਰ ਦਿੱਤਾ। ਮੁਲਜ਼ਮ ਚਾਲਕ ਨੇ ਜਨਾਨੀ ਦੇ ਗਹਿਣੇ ਕੱਢ ਲਏ ਅਤੇ ਬੈਗ ’ਚੋਂ ਨਕਦੀ ਵੀ ਲੁੱਟ ਲਈ।
ਇਹ ਵੀ ਪੜ੍ਹੋ : ਸ਼ਰਾਬ ਪਿਲਾਉਣ ਮਗਰੋਂ ਪਲੰਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼
ਚੰਡੀਗੜ੍ਹ ਨੰਬਰ ਦਾ ਸੀ ਆਟੋ
ਜਨਾਨੀ ਮੁਲਜ਼ਮ ਨੂੰ ਦੰਦਾਂ ਨਾਲ ਕੱਟਦੇ ਹੋਏ ਜਾਨ ਬਚਾ ਕੇ ਭੱਜੀ ਅਤੇ ਹਨ੍ਹੇਰੇ ਅਤੇ ਮੀਂਹ ਦੌਰਾਨ ਸੈਕਟਰ- 39 ਥਾਣੇ ਪਹੁੰਚੀ। ਇਸ ਦੌਰਾਨ ਜਨਾਨੀ ਨੇ ਕਿਸੇ ਰਾਹਗੀਰ ਦੇ ਜ਼ਰੀਏ ਫੋਨ ਕਰ ਕੇ ਘਟਨਾ ਦੀ ਸੂਚਨਾ ਆਪਣੇ ਪਰਿਵਾਰ ਅਤੇ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਸ਼ਿਕਾਇਤਕਰਤਾ ਅਨੁਸਾਰ ਸੈਕਟਰ-39 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਪਰ ਏਰੀਆ ਮਲੋਆ ਥਾਣਾ ਖੇਤਰ ਆਉਣ ਦੇ ਚੱਲਦੇ ਸੂਚਨਾ ਮਲੋਆ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਮਲੋਆ ਥਾਣਾ ਪੁਲਸ ਨੇ ਜਨਾਨੀ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਨੰਬਰ ਦੇ ਅਣਪਛਾਤੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।