ਫਗਵਾੜਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਪੰਚਾਇਤ ਮੈਂਬਰ ਦਵਿੰਦਰ ਪਾਲ 'ਤੇ ਹਮਲਾ

02/27/2023 1:48:46 PM

ਫਗਵਾੜਾ (ਜਲੋਟਾ)- ਫਗਵਾੜਾ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ‘ਚ ਕਾਨੂੰਨ ਵਿਵਸਥਾ ਦੀ ਹਾਲਤ ਪਿਛਲੇ ਕੁਝ ਸਮੇਂ ਤੋਂ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਚੋਰੀਆਂ, ਲੁੱਟਾਂ-ਖੋਹਾਂ ਦੀਆਂ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਤੋਂ ਬਾਅਦ ਹੁਣ ਪਿੰਡ ਜਗਪਾਲਪੁਰ ਦੇ ਪੰਚਾਇਤ ਮੈਂਬਰ ਨੂੰ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ ਕਰਕੇ ਗੰਭੀਰ ਜਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ।

ਸਿਵਲ ਹਸਪਤਾਲ ਫਗਵਾੜਾ ’ਚ ਜ਼ੇਰੇ ਇਲਾਜ ਮੈਂਬਰ ਪੰਚਾਇਤ ਦਵਿੰਦਰ ਪਾਲ ਪੁੱਤਰ ਸੁਰਿੰਦਰ ਪਾਲ ਵਾਸੀ ਜਗਪਾਲਪੁਰ ਨੇ ਦੱਸਿਆ ਕਿ ਐਤਵਾਰ ਸਵੇਰੇ ਉਹ ਆਪਣੀ ਕਾਰ ’ਤੇ ਪਿੰਡ ਤੋਂ ਫਗਵਾੜਾ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਭੋਗਪੁਰ ਮੋੜ ਦੇ ਨੇੜੇ ਅਚਾਨਕ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਜਿਨ੍ਹਾਂ ਆਪਣੇ ਮੂੰਹ ਢਕੇ ਹੋਏ ਸਨ, ਨੇ ਗੱਡੀ ਦੇ ਅੱਗੇ ਮੋਟਰਸਾਈਕਲ ਲਗਾ ਲਿਆ। ਫਿਰ ਉਨ੍ਹਾਂ ਨੇ ਉਸ ਦੇ ਘਰ ਦਾ ਨਾਮ ਲੈ ਕੇ ਪੁੱਛਿਆ ਕਿ ਤੂੰ ਹੈਪੀ ਪੰਚਾਇਤ ਮੈਂਬਰ ਹੈ ਤਾਂ ਜਦੋਂ ਉਸ ਨੇ ਹਾਮੀ ਭਰੀ ਤਾਂ ਉਕਤ ਨੌਜਵਾਨਾਂ ਨੇ ਉਸ ਨੂੰ ਗੱਡੀ ਵਿਚੋਂ ਖਿੱਚ ਕੇ ਬਾਹਰ ਕੱਢ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਨਾਲ ਉਹ ਬੇਹੋਸ਼ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਵਿਚ ਦਾਖ਼ਲ ਕਰਵਾਇਆ ਗਿਆ। ਦਵਿੰਦਰ ਪਾਲ ਅਨੁਸਾਰ ਉਸ ਦੀ ਸੋਨੇ ਦੀ ਚੇਨ ਅਤੇ ਗੱਡੀ ਵਿਚ ਪਏ 11 ਹਜ਼ਾਰ ਰੁਪਏ ਵੀ ਹਮਲਾਵਰਾਂ ਵੱਲੋਂ ਲੁੱਟੇ ਗਏ ਹਨ। ਪੁਲਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਕੁੜੀਆਂ ਨੂੰ ਢਾਲ ਬਣਾ ਕੇ ਵੇਚੀ ਜਾ ਰਹੀ ਹੈ ਸ਼ਰਾਬ, ਵੱਡੇ ਸਮੱਗਲਰ ਕਰ ਰਹੇ ਸ਼ਰੇਆਮ ਧੰਦਾ

ਇਸ ਦੌਰਾਨ ਕਸ਼ਮੀਰ ਸਿੰਘ ਮਾਹੀ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਕੁਲਦੀਪ ਸਿੰਘ ਮਾਹੀ ਸਾਬਕਾ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਬਲਦੇਵ ਸਿੰਘ ਪ੍ਰਧਾਨ ਸਪੋਰਟਸ ਕਲੱਬ ਜਗਪਾਲਪੁਰ ਤੇ ਗੁਰਦਾਵਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਜਗਪਾਲਪੁਰ ਨੇ ਮੈਂਬਰ ਪੰਚਾਇਤ ਉੱਪਰ ਹੋਏ ਕਾਤਲਾਨਾ ਹਮਲੇ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਐੱਸ.ਐੱਸ.ਪੀ. ਕਪੂਰਥਲਾ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਫਗਵਾੜਾ ਵਿਚ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ’ਤੇ ਕਾਬੂ ਪਾਇਆ ਜਾਵੇ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁਖ਼ਦਾਇਕ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News