ਖੰਨਾ ''ਚ ਬਜ਼ੁਰਗ ਜੋੜੇ ''ਤੇ ਹਮਲਾ, ਲਾਈ ਇਨਸਾਫ ਦੀ ਗੁਹਾਰ

5/23/2020 12:25:46 PM

ਖੰਨਾ (ਵਿਪਨ) : ਅੱਜ ਦੇ ਜ਼ਮਾਨੇ 'ਚ ਇਨਸਾਨ ਦਾ ਜ਼ਮੀਰ ਕਿੰਨਾ ਡਿੱਗਦਾ ਜਾ ਰਿਹਾ ਹੈ, ਇਸ ਦੀ ਮਿਸਾਲ ਖੰਨਾ 'ਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਛੋਟੀ ਜਿਹੀ ਗੱਲ ਪਿੱਛੇ ਨੌਜਵਾਨਾਂ ਵੱਲੋਂ ਇਕ ਬਜ਼ੁਰਗ ਜੋੜੇ 'ਤੇ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਖੰਨਾ ਦੇ ਨਿਊ ਬੈਂਕ ਕਾਲੋਨੀ ਇਲਾਕੇ 'ਚ 10 ਇੱਟਾਂ ਦੇ ਕਾਰਨ 2 ਨੌਜਵਾਨਾਂ ਨੇ ਬੇਅੰਤ ਸਿੰਘ ਤੇ ਗੁਰਦੇਵ ਕੌਰ ਨਾਂ ਦੇ ਇਕ ਬਜ਼ੁਰਗ ਜੋੜੇ 'ਤੇ ਹਮਲੇ ਕਰ ਦਿੱਤਾ।

ਸਿਰਫ ਇੰਨਾ ਹੀ ਨਹੀਂ, ਉਕਤ ਨੌਜਵਾਨਾਂ ਨੇ ਬਜ਼ੁਰਗ ਦੇ ਕੇਸਾਂ ਦੀ ਬੇਅਦਬੀ ਤੱਕ ਵੀ ਕਰ ਦਿੱਤੀ। ਨੌਜਵਾਨਾਂ ਦਾ ਦੋਸ਼ ਸੀ ਕਿ ਉਕਤ ਜੋੜੇ ਨੇ 10 ਇੱਟਾਂ ਚੋਰੀ ਕੀਤੀਆਂ ਸਨ, ਜਿਸ ਤੋਂ ਬਾਅਦ ਨੌਜਵਾਨਾਂ ਨੇ ਜੋੜੇ ਦੇ ਘਰ ਅੰਦਰ ਦਾਖਲ ਹੋ ਕੇ ਉਨ੍ਹਾਂ 'ਤੇ ਹਮਲਾ ਕਰਦਿਆਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਜੋੜੇ ਵੱਲੋਂ ਪੁਲਸ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਪੁਲਸ ਮੌਕੇ 'ਤੇ ਆਈ ਅਤੇ ਜਾਂਚ ਕਰਕੇ ਵਾਪਸ ਚਲੀ ਗਈ, ਜਿਸ ਤੋਂ ਬਾਅਦ ਜੋੜੇ ਵੱਲੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ। ਉਧਰ ਦੂਜੇ ਪਾਸੇ, ਜਦੋਂ ਇਸ ਬਾਰੇ ਥਾਣਾ ਸਿਟੀ-2 ਦੇ ਐਸ. ਐਚ. ਓ. ਹਰਵਿੰਦਰ ਸਿੰਘ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੀਤੇ ਦਿਨ ਬਜ਼ੁਰਗ ਜੋੜੇ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
 


Babita

Content Editor Babita