ਸ਼ਰੇਆਮ ਗੁੰਡਾਗਰਦੀ ਦਾ ਮੰਜ਼ਰ, ਦਿਨ-ਦਿਹਾੜੇ ਤਲਵਾਰਾਂ ਨਾਲ ਵੱਢਿਆ ਫਾਈਨਾਂਸਰ
Wednesday, May 20, 2020 - 08:50 AM (IST)

ਸਾਹਨੇਵਾਲ/ਕੁਹਾੜਾ (ਜਗਰੂਪ) : ਪੰਜਾਬ 'ਚ ਲਾਕ ਡਾਊਨ ਹੋਣ ਦੇ ਬਾਵਜੂਦ ਵੀ ਵੱਖ-ਵੱਖ ਥਾਵਾਂ 'ਤੇ ਗੁੰਡਾਗਰਦੀ ਦੀਆਂ ਘਟਨਾਵਾਂ ਸ਼ਰੇਆਮ ਹੋ ਰਹੀਆਂ ਹਨ। ਜਿਸ ਦੀ ਤਾਜ਼ੀ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਚੌਂਕੀ ਕੰਗਣਵਾਲ ਅਧੀਨ ਆਉਂਦੇ 33 ਫੁੱਟ ਰੋਡ, ਗਿਆਸਪੁਰ ਵਿਖੇ ਫਾਈਨਾਂਸ ਦਾ ਕੰਮ ਕਰਨ ਵਾਲੇ ਇਕ ਨੌਜਵਾਨ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਦੇ ਹੋਏ ਸ਼ਰੇਆਮ ਦਿਨ-ਦਿਹਾੜੇ ਕਥਿਤ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ। ਹਾਲਾਂਕਿ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਤੁਰੰਤ ਆਪਣੀ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਪਰ ਇਸ ਤਰ੍ਹਾਂ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਸਥਾਨਕ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦਾ ਹੈ। ਜਾਣਕਾਰੀ ਅਨੁਸਾਰ ਫਾਈਨਾਂਸ ਦਾ ਕੰਮ ਕਰਨ ਵਾਲੇ ਨਾਗਮਣੀ ਨਾਮ ਦੇ ਨੌਜਵਾਨ ਦਾ ਕੁਝ ਲੋਕਾਂ ਨਾਲ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਉਪਰ ਕੁਝ ਮਾਮਲੇ ਵੀ ਦਰਜ ਸਨ। ਇਕ ਤਾਜ਼ਾ ਮਾਮਲੇ 'ਚ ਉਸ ਨੂੰ ਅਤੇ ਦੂਸਰੇ ਪੱਖ ਨੂੰ ਪੁਲਸ ਵੱਲੋਂ ਸਮਾਂ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਮੰਗਲਵਾਰ ਕਰੀਬ ਸਾਢੇ 5 ਤੋਂ 6 ਵਜੇ ਦੇ ਵਿਚਕਾਰ ਜਦੋਂ ਨਾਗਮਣੀ ਆਪਣੇ ਘਰ ਜਾ ਰਿਹਾ ਸੀ, ਤਾਂ ਕੁਝ ਲੋਕਾਂ ਨੇ ਰਸਤੇ 'ਚ ਉਸ ਨੂੰ ਘੇਰ ਕੇ ਕਥਿਤ ਤਲਵਾਰਾਂ ਨਾਲ ਵੱਢ ਦਿੱਤਾ ਅਤੇ ਗੰਭੀਰ ਜ਼ਖਮੀ ਹਾਲਤ 'ਚ ਤੜਫਦਾ ਹੋਇਆ ਛੱਡ ਗਏ। ਜਿਸ ਨੂੰ ਬਾਅਦ 'ਚ ਕੁਝ ਲੋਕਾਂ ਨੇ ਹਸਪਤਾਲ ਭਰਤੀ ਕਰਵਾਇਆ।
ਇਕ ਚੌਂਕੀ ਇੰਚਾਰਜ ਦੀ ਕੀਤੀ ਸ਼ਿਕਾਇਤ ਅਤੇ ਅਕਾਲੀ ਲੀਡਰ ਨਾਲ ਸੀ ਝਗੜਾ
ਸੂਤਰਾਂ ਦੀ ਮੰਨੀਏ ਤਾਂ ਜ਼ਖਮੀ ਹੋਏ ਨਾਗਮਣੀ ਦੇ ਕੁਝ ਲੋਕਾਂ ਨਾਲ ਝਗੜੇ ਚੱਲ ਰਹੇ ਸਨ। ਇਸ ਦੌਰਾਨ ਹੀ ਨਾਗਮਣੀ ਨੇ ਪੰਜਾਬ ਪੁਲਸ ਦੇ ਚੌਂਕੀ ਇੰਚਾਰਜ ਥਾਣੇਦਾਰ ਖਿਲਾਫ ਵੀ ਥਾਣਾ ਸਾਹਨੇਵਾਲ ਪੁਲਸ 'ਚ ਸ਼ਿਕਾਇਤ ਦੇ ਰੱਖੀ ਸੀ। ਇਸ ਦੇ ਨਾਲ ਹੀ ਉਸ ਦਾ ਇਕ ਹਲਕਾ ਸਾਹਨੇਵਾਲ ਦੇ ਅਕਾਲੀ ਆਗੂ ਲਾਲ ਵੀ ਝਗੜਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਥਾਣਾ ਸਾਹਨੇਵਾਲ ਅੰਦਰ ਦੋਵਾਂ ਵਿਚਕਾਰ ਤਲਖੀ ਦੇਖਣ ਨੂੰ ਮਿਲੀ ਸੀ।
ਹਮਲਾਵਰਾ ਸੀ. ਸੀ. ਟੀ. ਵੀ. 'ਚ ਹੋਏ ਕੈਦ
ਚਿੱਟੇ ਦਿਨ ਨਾਗਮਣੀ 'ਤੇ ਹਮਲਾ ਕਰਨ ਵਾਲਿਆਂ ਦਾ ਇਕ ਸੀ. ਸੀ. ਟੀ. ਵੀ. ਫੁਟੇਜ਼ ਪੁਲਸ ਦੇ ਹੱਥ ਲੱਗਿਆ ਹੈ। ਸੂਤਰਾਂ ਅਨੁਸਾਰ ਪੁਲਸ ਨੇ ਘਟਨਾ ਸਥਾਨ ਦੇ ਨੇੜੇ ਹੀ ਸਥਿਤ ਇਕ ਜਵੈਲਰ ਦੀ ਦੁਕਾਨ ਤੋਂ ਉਕਤ ਫੁਟੇਜ਼ ਹਾਸਿਲ ਕੀਤਾ ਹੈ, ਜਿਸ 'ਚ ਤਿੰਨ ਹਮਲਾਵਰ ਜਿਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਹਨ ਕੈਦ ਹੋਏ ਹਨ। ਥਾਣਾ ਮੁਖੀ ਇੰਦਰਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਪੁਲਸ ਨੂੰ ਮਿਲੀ ਸੀ. ਸੀ. ਟੀ. ਵੀ. ਫੁਟੇਜ਼ ਦੇ ਸਹਾਰੇ ਪੁਲਸ ਜਲਦ ਹੀ ਹਮਲਾਵਰਾਂ ਤੱਕ ਪਹੁੰਚ ਜਾਵੇਗੀ।