ਸਮਰਾਲਾ ’ਚ ਬੰਧੂਆ ਮਜਦੂਰ ਛੁਡਾਉਣ ਗਏ ਸਰਕਾਰੀ ਅਧਿਕਾਰੀਆਂ 'ਤੇ ਭੱਠਾ ਮਾਲਕ ਵੱਲੋਂ ਹਮਲਾ

11/17/2023 5:47:19 PM

ਸਮਰਾਲਾ (ਸੰਜੇ ਗਰਗ) : ਸਮਰਾਲਾ ਨੇੜਲੇ ਪਿੰਡ ਹੇਡੋਂ ਵਿਖੇ ਇੱਕ ਇੱਟਾਂ ਦੇ ਭੱਠੇ ’ਤੇ ਕਥਿਤ ਤੌਰ ’ਤੇ ਬੰਧੂਆਂ ਬਣਾ ਕੇ ਰੱਖੇ ਕਈ ਮਜ਼ਦੂਰਾਂ ਨੂੰ ਛੁਡਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ’ਤੇ ਮੌਕੇ ’ਤੇ ਪਹੁੰਚੀ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ ਸਮੇਤ ਲੇਬਰ ਇੰਸਪੈਕਟਰ ’ਤੇ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਹਰਕਤ ’ਚ ਆਏ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਦੋਸ਼ੀ ਭੱਠਾ ਮਾਲਕ ’ਤੇ ਸਖ਼ਤ ਕਾਰਵਾਈ ਕੀਤੀ ਗਈ ਹੈ ਅਤੇ ਪੁਲਸ ਵੱਲੋਂ ਉਸ ਨੂੰ ਆਪਣੀ ਹਿਰਾਸਤ ’ਚ ਲਿਆ ਗਿਆ ਹੈ। ਸਥਾਨਕ ਪ੍ਰਸਾਸ਼ਨ ਵੱਲੋਂ ਭੱਠਾ ਮਾਲਕ ਦੀ ਕੁੱਟਮਾਰ ਅਤੇ ਉੱਥੇ ਬੰਧਕ ਬਣਾਏ ਕਈ ਮਜ਼ਦੂਰਾਂ ਨੂੰ ਇਲਾਜ ਲਈ ਸਮਰਾਲਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ’ਚ ਕਈ ਮਜ਼ਦੂਰ ਔਰਤਾਂ ਵੀ ਸ਼ਾਮਲ ਹਨ। ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਹੁਕਮ ਮਿਲਣ ’ਤੇ ਉਹ ਬਤੌਰ ਡਿਊਟੀ ਮੈਜਿਸਟ੍ਰੇਟ ਇਲਾਕੇ ਦੇ ਲੇਬਰ ਇੰਸਪੈਕਟਰ ਅਤੇ ਹੋਰ ਕਰਮਚਾਰੀਆਂ ਨੂੰ ਨਾਲ ਲੈ ਕੇ ਪਿੰਡ ਹੇਡੋਂ ਵਿਖੇ ਇਸ ਭੱਠੇ ਉੱਤੇ ਪਹੁੰਚੇ। ਜਿੱਥੇ ਕਿ 15-20 ਮਜ਼ਦੂਰਾਂ ਨੂੰ ਕਥਿਤ ਤੌਰ ’ਤੇ ਜ਼ਬਰੀ ਰੱਖਿਆ ਹੋਇਆ ਸੀ। ਜਦੋਂ ਉੱਥੇ ਮੌਜੂਦ ਭੱਠਾ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹ ਬਦਸਲੂਕੀ ’ਤੇ ਉੱਤਰ ਆਇਆ ਅਤੇ ਸਰਕਾਰੀ ਕੰਮ ’ਚ ਵਿਘਨ ਪਾਉਂਦੇ ਹੋਏ ਕਾਰਵਾਈ ਵਿਚ ਅੜਿਕਾ ਪਾ ਦਿੱਤਾ। ਦੋਸ਼ੀ ਭੱਠਾ ਮਾਲਕ ਨੇ ਉੱਚੇ ਬੰਧਕ ਬਣਾਏ ਮਜ਼ਦੂਰਾਂ ਦੇ ਬਿਆਨ ਦਰਜ ਕਰ ਰਹੇ ਲੇਬਰ ਇੰਸਪੈਕਟਰ ਕੋਲੋ ਸਰਕਾਰੀ ਕਾਗਜ਼ ਵੀ ਖੋਹ ਲਏ ਅਤੇ ਸਰਕਾਰੀ ਟੀਮ ਦੇ ਸਾਹਮਣੇ ਹੀ ਮਜ਼ਦੂਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਬੈਟਿੰਗ ਐਪਸ ’ਤੇ ਵਿਖਾਏ ਜਾ ਰਹੇ ਵੱਡੀਆਂ ਹਸਤੀਆਂ ਦੇ ਇਸ਼ਤਿਹਾਰਾਂ ’ਤੇ ਲਗਾਮ ਕੱਸਣ ਦੀ ਤਿਆਰੀ ’ਚ ਕੇਂਦਰ ਸਰਕਾਰ

ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉੱਥੇ ਇੱਥ ਅਜਿਹੀ ਮਜ਼ਦੂਰ ਔਰਤ ਵੀ ਬੀਮਾਰੀ ਦੀ ਹਾਲਤ ’ਚ ਮਿਲੀ, ਜਿਸ ਨੂੰ ਤੁਰੰਤ ਇਲਾਜ ਦੀ ਲੋੜ ਸੀ ਪਰ ਭੱਠਾ ਮਾਲਕ ਨੇ ਨਾ ਹੀ ਉਸ ਦਾ ਇਲਾਜ ਕਰਵਾਇਆ ਅਤੇ ਨਾ ਹੀ ਵਾਰ-ਵਾਰ ਮੰਗ ਕਰਨ ’ਤੇ ਇਲਾਜ ਲਈ ਉਸ ਨੂੰ ਬਕਾਇਆ ਰਹਿੰਦੀ ਉਸ ਦੀ ਮਜ਼ਦੂਰੀ ਹੀ ਦਿੱਤੀ। ਜਦੋਂ ਸਰਕਾਰੀ ਟੀਮ ਦੇ ਸਾਹਮਣੇ ਹੀ ਭੱਠਾ ਮਾਲਕ ਮਜ਼ਦੂਰਾਂ ਨੂੰ ਕੁੱਟਣ ਲੱਗਾ ਅਤੇ ਕਿਸੇ ਕਿਸਮ ਦੀ ਕਾਰਵਾਈ ਕਰਨ ਤੋਂ ਅਧਿਕਾਰੀਆਂ ਨੂੰ ਰੋਕਣ ਲੱਗਾ ਤਾਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਨੂੰ ਦੱਸਿਆ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਪੁਲਸ ਫੋਰਸ ਪਹੁੰਚੀ ਅਤੇ ਉੱਥੋਂ ਮਜ਼ਦੂਰਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਇਹ ਸਾਰੇ ਮਜ਼ਦੂਰ ਫਿਲਹਾਲ ਸਰਕਾਰੀ ਹਸਪਤਾਲ ’ਚ ਇਲਾਜ ਅਧੀਨ ਹਨ ਅਤੇ ਮਜ਼ਦੂਰਾਂ ਵੱਲੋਂ ਭੱਠਾ ਮਾਲਕ ’ਤੇ ਉਨ੍ਹਾਂ ਦੀ ਮਜ਼ਦੂਰੀ ਨਾ ਦੇਣ ਸਮੇਤ ਕਈ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਭੱਠਾ ਮਾਲਕ ਨੂੰ ਹਿਰਾਸਤ ਵਿਚ ਲੈਂਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰੇਲਵੇ ਪ੍ਰਬੰਧਾਂ ਤੋਂ ਨਾਖੁਸ਼ ਯਾਤਰੀ, ਪੂਜਾ ਲਈ ਘਰ ਪਹੁੰਚਣ ਲਈ ਜਾਨ ਖਤਰੇ ’ਚ ਪਾ ਕੇ ਕਰ ਰਹੇ ਯਾਤਰਾ 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android : https://play.google.com/store/apps/details?id=com.jagbani&hl=en&pli=1

For IOS : https://apps.apple.com/in/app/id538323711


Anuradha

Content Editor

Related News