ਨਾਜਾਇਜ਼ ਮਾਈਨਿੰਗ ਰੋਕਣ 'ਤੇ ਥਾਣੇਦਾਰ ਸਣੇ ਪੁਲਸ ਪਾਰਟੀ 'ਤੇ ਹਮਲਾ, ਦੋਸ਼ੀ ਨੂੰ ਵੀ ਛੁਡਾ ਲੈ ਗਏ ਹਮਲਾਵਰ
Friday, Jul 21, 2023 - 01:13 PM (IST)
ਮਾਛੀਵਾੜਾ ਸਾਹਿਬ (ਟੱਕਰ) : ਸਤਲੁਜ ਦਰਿਆ ਕਿਨਾਰੇ ਬੀਤੀ ਰਾਤ ਰੇਤੇ ਦੀ ਨਾਜਾਇਜ਼ ਮਾਈਨਿੰਗ ਰੋਕਣ ਗਏ ਮਾਛੀਵਾੜਾ ਪੁਲਸ ਦੇ ਸਹਾਇਕ ਥਾਣੇਦਾਰ ਅਤੇ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਹਮਲਾਵਾਰ ਪੁਲਸ ਦੇ ਕਬਜ਼ੇ ’ਚੋਂ ਰੇਤੇ ਦੀ ਭਰੀ ਨਾਜਾਇਜ਼ ਟਰਾਲੀ ਅਤੇ ਗ੍ਰਿਫ਼ਤਾਰ ਕੀਤਾ ਕਥਿਤ ਦੋਸ਼ੀ ਵੀ ਛੁਡਵਾ ਕੇ ਲੈ ਗਏ। ਮਾਛੀਵਾੜਾ ਪੁਲਸ ਵਲੋਂ ਇਸ ਮਾਮਲੇ 'ਚ 7 ਤੋਂ ਜ਼ਿਆਦਾ ਵਿਅਕਤੀਆਂ ਦੀ ਪਛਾਣ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਕਈ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਤਲਾਨਾ ਹਮਲਾ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਕਿਨਾਰੇ ਰੇਤੇ ਦੀ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਇਸ ’ਤੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਸਤਲੁਜ ਦਰਿਆ ਤੋਂ ਰੇਤੇ ਦੀ ਭਰੀ ਟਰਾਲੀ ਪੁਲਸ ਪਾਰਟੀ ਨੇ ਕਾਬੂ ਕਰ ਲਈ ਅਤੇ ਚਾਲਕ ਨੂੰ ਕਾਬੂ ਵੀ ਕਰ ਲਿਆ।
ਪੁਲਸ ਪਾਰਟੀ ਰੇਤੇ ਦੀ ਭਰੀ ਟਰਾਲੀ ਅਤੇ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਮਾਛੀਵਾੜਾ ਥਾਣੇ ਵੱਲ ਆ ਰਹੀ ਸੀ ਤਾਂ ਰਸਤੇ 'ਚ ਕਾਰ ਸਵਾਰ ਵਿਅਕਤੀਆਂ ਨੇ ਪੁਲਸ ਅਧਿਕਾਰੀਆਂ ਨੂੰ ਘੇਰ ਲਿਆ। ਇਹ ਕਾਰ ਸਵਾਰ ਵਿਅਕਤੀ ਪੁਲਸ ਨਾਲ ਹੱਥੋਪਾਈ ਕਰਨ ਲੱਗੇ, ਇੱਥੋਂ ਤੱਕ ਕਿ ਡੰਡਿਆਂ ਨਾਲ ਉਨ੍ਹਾਂ ’ਤੇ ਹਮਲਾ ਕਰ ਕੁੱਟਮਾਰ ਕੀਤੀ। ਇਹ ਹਮਲਾਵਾਰ ਪੁਲਸ ਕੋਲੋਂ ਰੇਤੇ ਦੀ ਭਰੀ ਟਰਾਲੀ ਅਤੇ ਗ੍ਰਿਫ਼ਤਾਰ ਕੀਤਾ ਕਥਿਤ ਦੋਸ਼ੀ ਵੀ ਪੁਲਸ ਕਬਜ਼ੇ ’ਚੋਂ ਛੁਡਵਾ ਕੇ ਲੈ ਗਏ। ਇਸ ਹਮਲੇ 'ਚ ਫੱਟੜ ਹੋਏ ਸਹਾਇਕ ਥਾਣੇਦਾਰ ਜਸਵੰਤ ਸਿੰਘ ਅਤੇ ਮੁਲਾਜ਼ਮ ਪਰਮਜੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ। ਐੱਸ. ਐੱਸ. ਪੀ. ਖੰਨਾ ਨੇ ਦੱਸਿਆ ਕਿ ਇਸ ਹਮਲੇ ’ਚ ਦੋਵੇਂ ਮੁਲਾਜ਼ਮਾਂ ਦੀਆਂ ਹੱਡੀਆਂ ਵੀ ਫੈਕਚਰ ਹੋ ਗਈਆਂ ਹਨ, ਜਦਕਿ ਕੁੱਝ ਹੋਰ ਮੁਲਾਜ਼ਮ ਮਾਮੂਲੀ ਫੱਟੜ ਹੋਏ। ਪੁਲਸ ਅਨੁਸਾਰ ਜਿਨ੍ਹਾਂ ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ, ਉਨ੍ਹਾਂ ’ਚੋਂ 2 ਕਥਿਤ ਦੋਸ਼ੀ ਸ਼ਸ਼ੀ ਪਾਲ ਅਤੇ ਵੇਦ ਪਾਲ (ਦੋਵੇਂ ਪਿਓ-ਪੁੱਤਰ) ਵਾਸੀ ਟੰਡੀ ਮੰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਫ਼ਰਾਰ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਖ਼ੌਫ਼ਨਾਕ ਘਟਨਾ : ਸ਼ੱਕੀ ਹਾਲਾਤ 'ਚ ਅੱਗ 'ਚ ਸੜੀ ਔਰਤ, ਪੇਕੇ ਪਰਿਵਾਰ ਨੇ ਲਾਏ ਵੱਡੇ ਦੋਸ਼
ਹਮਲਾਵਾਰ ਪੁਲਸ ਤੋਂ ਮੋਬਾਇਲ ਤੇ ਪੈਸੇ ਵੀ ਖੋਹ ਕੇ ਲੈ ਗਏ
ਪ੍ਰਾਪਤ ਜਾਣਕਾਰੀ ਅਨੁਸਾਰ ਨਾਜਾਇਜ਼ ਮਾਈਨਿੰਗ ਰੋਕਣ ਗਈ ਪੁਲਸ ਪਾਰਟੀ ’ਤੇ ਜਦੋਂ ਹਮਲਾਵਾਰਾਂ ਨੇ ਰਸਤਾ ਰੋਕ ਕੇ ਹਮਲਾ ਕੀਤਾ ਤਾਂ ਉਸ ’ਚੋਂ ਇੱਕ ਮੁਲਾਜ਼ਮ ਦਾ ਮੋਬਾਇਲ ਅਤੇ 5 ਹਜ਼ਾਰ ਰੁਪਏ ਵੀ ਉਹ ਖੋਹ ਕੇ ਲੈ ਗਏ। ਪੁਲਸ ਨੇ ਹਮਲਾਵਾਰਾਂ ਖ਼ਿਲਾਫ਼ ਇਸ ਧਾਰਾ ਤਹਿਤ ਵੀ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਜਦੋਂ ਪੁਲਸ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਥਾਣੇਦਾਰ ਅਤੇ ਮੁਲਾਜ਼ਮਾਂ ’ਤੇ ਹਮਲਾ ਕਰ ਕਥਿਤ ਦੋਸ਼ੀ ਨੂੰ ਕਬਜ਼ੇ ’ਚੋਂ ਛੁਡਵਾ ਕੇ ਲੈ ਗਏ ਤਾਂ ਤੜਕੇ ਹੀ ਭਾਰੀ ਫੋਰਸ ਬਲ ਨੇ ਹਮਲਾਵਰਾਂ ਦਾ ਪਿੰਡ ਟੰਡੀ ਮੰਡ ਘੇਰ ਲਿਆ। ਪੁਲਸ ਵਲੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਵੀ ਕੀਤੀ ਗਈ ਪਰ ਸਭ ਫ਼ਰਾਰ ਹੋ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ