ਥਾਣੇ ''ਚ ਪੁਲਸ ''ਤੇ ਹਮਲਾ, ਮੁਲਾਜ਼ਮਾਂ ਨਾਲ ਕੀਤੀ ਧੱਕਾ-ਮੁੱਕੀ, ਵਰਦੀ ਪਾੜੀ, ਮਾਰੇ ਲਲਕਾਰੇ

Wednesday, Dec 13, 2023 - 12:30 AM (IST)

ਥਾਣੇ ''ਚ ਪੁਲਸ ''ਤੇ ਹਮਲਾ, ਮੁਲਾਜ਼ਮਾਂ ਨਾਲ ਕੀਤੀ ਧੱਕਾ-ਮੁੱਕੀ, ਵਰਦੀ ਪਾੜੀ, ਮਾਰੇ ਲਲਕਾਰੇ

ਸੁਲਤਾਨਪੁਰ ਲੋਧੀ (ਧੀਰ) : ਥਾਣਾ ਫੱਤੂਢੀਂਗਾ ’ਚ ਪੁਲਸ ਮੁਲਾਜ਼ਮਾਂ ਨਾਲ ਗਾਲੀ-ਗਲੋਚ, ਵਰਦੀ ਨੂੰ ਨੇਮ ਪਲੇਟ ਸਮੇਤ ਉਤਾਰ ਕੇ ਜ਼ਮੀਨ ’ਤੇ ਸੁੱਟਣ, ਸਰਕਾਰੀ ਕੰਮਕਾਜ ’ਚ ਵਿਘਨ ਪਾਉਣ ਅਤੇ ਮੁੱਖ ਥਾਣਾ ਅਫ਼ਸਰ ਦੇ ਨਾਲ ਵੀ ਕੀਤੀ ਕਥਿਤ ਤੌਰ ’ਤੇ ਬਦਤਮੀਜ਼ੀ ਦੇ ਲਈ ਥਾਣਾ ਫੱਤੂਢੀਂਗਾ ਪੁਲਸ ਨੇ 4 ਵਿਅਕਤੀਆਂ ਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਗੁਰਵਿੰਦਰ ਸਿੰਘ ਜੋ ਕਿ ਥਾਣਾ ਫੱਤੂਢੀਂਗਾ ’ਚ ਬਤੌਰ ਸਹਾਇਕ ਮੁਣਸ਼ੀ ਤਾਇਨਾਤ ਹੈ, ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮਕਾਰ ਨਿਪਟਾ ਰਿਹਾ ਸੀ ਤਾਂ ਪਿੰਡ ਗੋਪੀਪੁਰ ਵਾਸੀ ਦਰਸ਼ਨ ਕੌਰ ਪਤਨੀ ਮੰਗਾ ਸਿੰਘ ਜੋ 5 ਦਸੰਬਰ ਨੂੰ ਕਪੂਰਥਲਾ ਐਕਸੀਡੈਂਟ ਦੌਰਾਨ ਸੱਟ ਲੱਗਣ ’ਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਸੀ, ਦੀ ਬੀਤੇ 10 ਦਸੰਬਰ ਨੂੰ ਹਸਪਤਾਲ ’ਚ ਮੌਤ ਹੋ ਗਈ ਸੀ। ਇਸ ਸਬੰਧੀ ਏ.ਐੱਸ.ਆਈ. ਪਰਮਜੀਤ ਸਿੰਘ ਕਾਰਵਾਈ ਕਰ ਰਿਹਾ ਸੀ ਤਾਂ ਮ੍ਰਿਤਕ ਦਰਸ਼ਨ ਕੌਰ ਦੇ ਪਤੀ ਮੰਗਾ ਸਿੰਘ ਨੇ ਮੋਹਤਬਰਾਂ ਸਮੇਤ ਹਾਜ਼ਰ ਹੋ ਕੇ ਆਪਣੇ ਹਲਫੀਆ ਬਿਆਨ ਦੀ ਫੋਟੋ ਕਾਪੀ ਪੇਸ਼ ਕਰਦਿਆਂ ਦੱਸਿਆ ਕਿ ਉਸ ਦੀ ਪਤਨੀ ਦਰਸ਼ਨ ਕੌਰ ਦੀ ਮੌਤ ਆਪਣੇ ਘਰੋਂ ਬਾਹਰ ਨਿਕਲਣ ਮੌਕੇ ਰੋਡ ’ਤੇ ਆਉਂਦੇ ਸਮੇਂ ਗੱਡੀ ਨਾਲ ਟਕਰਾਉਣ ਕਰਕੇ ਹੋਈ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਜਗਦੀਸ਼ ਭੋਲਾ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ 'ਚ ਬੋਨੀ ਅਜਨਾਲਾ ਕੱਲ੍ਹ ਹੋਣਗੇ SIT ਅੱਗੇ ਪੇਸ਼

ਉਨ੍ਹਾਂ ਦੱਸਿਆ ਕਿ ਇਸੇ ਗੱਲਬਾਤ ਦੌਰਾਨ ਸ਼ਾਮ ਕਰੀਬ 4.45 ਵਜੇ ਅਚਾਨਕ ਥਾਣੇ 'ਚ 12-13 ਆਦਮੀ ਦਾਖਲ ਹੋਏ ਤਾਂ ਆਉਂਦਿਆਂ ਹੀ ਗਾਲੀ-ਗਲੋਚ ਕਰਨ ਲੱਗ ਪਏ। ਉਨ੍ਹਾਂ ਨੂੰ ਸਹਾਇਕ ਮੁਣਸ਼ੀ ਗੁਰਵਿੰਦਰ ਸਿੰਘ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਇਨ੍ਹਾਂ 'ਚ ਸਤਨਾਮ ਸਿੰਘ ਪੁੱਤਰ ਰੋਸ਼ਨ ਲਾਲ ਅਤੇ ਗੁਰਬਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਡਡਵਿੰਡੀ ਨੇ ਲਲਕਾਰਾ ਮਾਰਿਆ ਕਿ ਫੜ ਲਓ ਇਸ ਨੂੰ ਅੱਜ, ਸਾਨੂੰ ਰੋਕਣ ਦਾ ਮਜ਼ਾ ਚਖਾ ਦਿਓ ਅਤੇ ਬਾਹਰ ਸੜਕ 'ਤੇ ਗੱਡੀ ਥੱਲੇ ਦੇ ਕੇ ਮਾਰ ਦਿਓ ਤਾਂ ਸਤਨਾਮ ਸਿੰਘ ਤੇ ਗੁਰਬਾਜ ਸਿੰਘ ਦੇ ਨਾਲ ਦਾਰਾ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਦਬੂਲੀਆ ਥਾਣਾ ਫੱਤੂਢੀਂਗਾ ਤੇ ਜਸਕਰਨ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਫਰਵਾਲਾ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਤੇ ਹੋਰ 7-8 ਅਣਪਛਾਤੇ ਵਿਅਕਤੀ ਮੁਣਸ਼ੀ ਗੁਰਵਿੰਦਰ ਸਿੰਘ ਨੂੰ ਵਰਦੀ ਤੋਂ ਖਿੱਚ ਕੇ ਥਾਣੇ ਦੇ ਮੇਨ ਗੇਟ ਦੇ ਬਾਹਰ ਲਏ ਗਏ ਤੇ ਕਹਿਣ ਲੱਗੇ ਕਿ ਪੁਲਸ ਨੂੰ ਵੀ ਪਤਾ ਲੱਗੇ ਕਿ ਕਿਸ ਤਰ੍ਹਾਂ ਮੌਤ ਹੁੰਦੀ ਹੈ।

ਇਹ ਵੀ ਪੜ੍ਹੋ : ਕਰਜ਼ੇ ਦੇ ਬੋਝ ਹੇਠ ਦੱਬੇ ਇਕ ਹੋਰ ਕਿਸਾਨ ਨੇ ਗਲ਼ ਲਾਈ ਮੌਤ, ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਕੀਤੀ ਸਮਾਪਤ

ਉਨ੍ਹਾਂ ਦੱਸਿਆ ਕਿ ਸਹਾਇਕ ਮੁਣਸ਼ੀ ਵੱਲੋਂ ਰੌਲ਼ਾ ਪਾਉਣ ’ਤੇ ਥਾਣੇ ਦੇ ਬਾਕੀ ਮੁਲਾਜ਼ਮਾਂ ’ਤੇ ਮੁੱਖ ਅਫ਼ਸਰ ਸਾਹਿਬ ਥਾਣਾ ਨੇ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਅਕਤੀਆਂ ਨੇ ਥਾਣਾ ਮੁੱਖ ਅਫ਼ਸਰ ਦੇ ਨਾਲ ਵੀ ਧੱਕਾ-ਮੁੱਕੀ ਕੀਤੀ ਅਤੇ ਉਨ੍ਹਾਂ ਦੀ ਵਰਦੀ ਨੂੰ ਹੱਥ ਪਾ ਕੇ ਉਨ੍ਹਾਂ ਦੀ ਨੇਮ ਪਲੇਟ ਵਰਦੀ ਨਾਲੋਂ ਉਤਾਰ ਕੇ ਜ਼ਮੀਨ ’ਤੇ ਸੁੱਟ ਦਿੱਤੀ। ਡੀ.ਐੱਸ.ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਉਕਤ ਚਾਰੇ ਵਿਅਕਤੀਆਂ ਤੇ 2 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਕਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News