ਨਾਰੰਗ ’ਤੇ ਹਮਲੇ ਨੇ ਪੰਜਾਬ ''ਚ ਕਾਨੂੰਨ-ਵਿਵਸਥਾ ਦੀ ਪੋਲ ਖੋਲ੍ਹੀ : ਚੁੱਘ
Sunday, Mar 28, 2021 - 01:02 AM (IST)
ਚੰਡੀਗੜ੍ਹ, (ਸ਼ਰਮਾ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਬਿਆਨ ਜਾਰੀ ਕਰ ਕੇ ਕਿਹਾ ਦੀ ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਜਾਨਲੇਵਾ ਹਮਲੇ ਨੇ ਪੰਜਾਬ ਵਿਚ ਕਾਨੂੰਨ-ਵਿਵਸਥਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਅਤੇ ਕੈਪਟਨ ਦੀ ਰਜਵਾੜਾਸ਼ਾਹੀ ਸਰਕਾਰ ਦੇ ਗੰਦੇ ਅਤੇ ਘਟੀਆ ਇਰਾਦਿਆਂ ਦੀ ਪੋਲ ਖੋਲ੍ਹ ਦਿੱਤੀ ਹੈ।
ਇਹ ਵੀ ਪੜ੍ਹੋ:- ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਘਟਨਾ ਸ਼ਰਮਨਾਕ: ਸੁਖਬੀਰ ਬਾਦਲ
ਚੁੱਘ ਨੇ ਕਿਹਾ ਕਿ ਇਸ ਘਟੀਆ ਕੰਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ ਅਤੇ ਇਹ ਕਿਸਾਨਾਂ ਦੇ ਬਹਾਨੇ ਭਾਜਪਾ ਨੇਤਾਵਾਂ ’ਤੇ ਵਿਉਂਤਬੱਧ ਹਮਲੇ ਦੀ ਕਾਂਗਰਸ ਦੀ ਰਣਨੀਤੀ ਦੀ ਤਰ੍ਹਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਭਾਜਪਾ ਦੀ ਆਵਾਜ਼ ਨੂੰ ਦਬਾਉਣ ਲਈ ਇਸ ਤਰ੍ਹਾਂ ਦੇ ਹਮਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਿਵੇਂ ਕਾਂਗਰਸ ਵਰਕਰਾਂ ਵਲੋਂ ਮੇਰੇ ਸਮੇਤ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਈ ਹੋਰ ਭਾਜਪਾ ਨੇਤਾਵਾਂ ’ਤੇ ਜਾਨਲੇਵਾ ਹਮਲੇ ਕੀਤੇ ਗਏ ਸਨ। ਇਹ ਕੇਵਲ ਨਿੰਦਣਯੋਗ ਨਹੀਂ ਹੈ, ਸਗੋਂ ਪੰਜਾਬ ਲਈ ਚਿੰਤਾਜਨਕ ਹੈ। ਜੋ ਸਰਕਾਰ ਆਪਣੇ ਵਿਧਾਇਕ ਦੀ ਰੱਖਿਆ ਨਹੀ ਕਰ ਸਕਦੀ, ਉਹ ਪੰਜਾਬ ਦੀ ਜਨਤਾ ਦੀ ਰੱਖਿਆ ਕੀ ਕਰੇਗੀ। ਇਸ ਲਈ ਕੈਪਟਨ ਸਾਹਿਬ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ:- ਭਾਜਪਾ ਵਿਧਾਇਕ ਦੀ ਕੁੱਟਮਾਰ ਸਬੰਧੀ 7 ਕਿਸਾਨ ਆਗੂਆਂ ਤੇ 300 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਚੁੱਘ ਨੇ ਕਿਹਾ ਕਿ ਕਦੇ ਕਈ ਮਹੀਨੇ ਰੇਲ ਪਟੜੀਆਂ ਰੋਕੀਆਂ ਜਾਂਦੀਆਂ ਹਨ, ਕਦੇ 1500 ਟੈਲੀਫ਼ੋਨ ਟਾਵਰ ਤੋੜ ਦਿੱਤੇ ਜਾਂਦੇ ਹਨ, ਉਦਯੋਗਪਤੀ ਅਤੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਛੱਡਣ ਨੂੰ ਕਿਹਾ ਜਾਂਦਾ ਹੈ, ਦੁਕਾਨਾਂ ਨੂੰ ਤੋੜਿਆ ਜਾਂਦਾ ਹੈ, ਰਾਜਨੀਤਕ ਪ੍ਰੋਗਰਾਮਾਂ ਦੌਰਾਨ ਭਾਜਪਾ ਕਰਮਚਾਰੀਆਂ ’ਤੇ ਹਮਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਗੁੰਡਾ ਅਨਸਰਾਂ ਨੂੰ ਹੱਲਾਸ਼ੇਰੀ ਅਤੇ ਸ਼ਹਿ ਦਿੱਤੀ ਜਾ ਰਹੀ ਹੈ।