ਜੰਡੂਸਿੰਘਾ ''ਚ ਲੁਟੇਰਿਆਂ ਵੱਲੋਂ ਕਿੰਨਰਾਂ ਦੇ ਡੇਰੇ ''ਤੇ ਹਮਲਾ, 1 ਦੀ ਮੌਤ 6 ਜ਼ਖਮੀ (ਵੀਡੀਓ)

05/22/2018 10:53:22 AM

ਜਲੰਧਰ— ਇਥੋਂ ਦੇ ਜੰਡੂਸਿੰਘਾ 'ਚ ਸਥਿਤ ਕਿੰਨਰਾਂ ਦੇ ਡੇਰੇ 'ਤੇ ਸੋਮਵਾਰ ਦੇਰ ਰਾਤ ਲੁਟੇਰਿਆਂ ਨੇ ਹਮਲਾ ਕਰਕੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ। ਲੁਟੇਰੇ ਡੇਰੇ 'ਚ 7 ਹਜ਼ਾਰ ਰੁਪਏ ਅਤੇ ਸੋਨਾ ਲੁੱਟ ਕੇ ਫਰਾਰ ਹੋ ਗਏ। 
ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਉਰਫ ਸੋਨੂੰ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ ਕਿੰਨਰਾਂ ਦੇ ਇਸ ਡੇਰੇ ਨੂੰ ਸੋਨੀਆ ਮਹੰਤ ਚਲਾਉਂਦੀ ਸੀ। ਸੋਨੀਆ ਨੇ ਦੱਸਿਆ ਕਿ ਰਾਤ ਢਾਈ ਵਜੇ ਜਦੋਂ ਉਹ ਉਸ ਦੇ ਸਾਥੀ ਸੌਂ ਰਹੇ ਸਨ ਤਾਂ ਹਥਿਆਰਾਂ ਨਾਲ ਲੈਸ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸੰਦੀਪ ਦੀ ਮੌਤ ਹੋ ਗਈ ਅਤੇ 6 ਦੇ ਕਰੀਬ ਲੋਕ ਜ਼ਖਮੀ ਹੋ ਗਏ।
ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮੌਕੇ 'ਤੇ ਜਾਂਚ ਕਰ ਰਹੀ ਪੁਲਸ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਡਕੈਤੀ ਅਤੇ ਹੱਤਿਆ ਉਸੇ ਤਰ੍ਹਾਂ ਹੋਈ ਹੈ ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਕਾਲਾ ਕੱਛਾ ਗਿਰੋਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਸ ਦਾ ਸ਼ੱਕ ਹੈ ਕਿ ਕਾਲਾ ਕੱਛਾ ਗਿਰੋਹ ਫਿਰ ਨਵੇਂ ਰੂਪ ਨਾਲ ਸਰਗਰਮ ਹੋ ਗਿਆ ਹੈ।
ਦੇਰ ਰਾਤ ਮੇਲੇ ਤੋਂ ਪਰਤ ਕੇ ਸੁੱਤੇ ਸਨ ਡੇਰੇ 'ਚ ਮੌਜੂਦ ਲੋਕ
ਜਾਣਕਾਰੀ ਅਨੁਸਾਰ ਡੇਰੇ ਦੇ ਮੁਖੀ ਮਹੰਤ ਸੋਨੀਆ ਪੁੱਤਰੀ ਕਰਮ ਚੰਦ ਵਾਸੀ ਨੰਗਲ ਕਰਾਰ ਖਾਂ ਨੇ ਦੱਸਿਆ ਕਿ ਕੱਲ ਰਾਤ ਉਹ ਸਾਰੇ ਕਾਜ਼ੀ ਮੰਡੀ ਸੰਤੋਸ਼ੀ ਨਗਰ ਵਿਚ ਇਕ ਮੇਲੇ ਵਿਚ ਗਏ ਸਨ। ਮੇਲੇ ਤੋਂ 1.45 'ਤੇ ਵਾਪਸ ਆਉਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਲੁਟੇਰਿਆਂ ਨੇ ਉਨ੍ਹਾਂ ਦੇ ਡੇਰੇ 'ਤੇ ਹਮਲਾ ਬੋਲ ਦਿੱਤਾ। ਉਸ ਸਮੇਂ ਉਹ ਸੁੱਤੇ ਹੋਏ ਸਨ। ਹਮਲੇ ਵਿਚ ਡੇਰਾ ਮੁਖੀ ਸਣੇ 6 ਲੋਕ ਜ਼ਖਮੀ ਹੋ ਗਏ ਤੇ ਸੰਦੀਪ ਸਿੰਘ ਸੋਨੂੰ ਪੁੱਤਰ ਅਵਤਾਰ ਸਿੰੰਘ ਵਾਸੀ ਜੰਡੂਸਿੰਘਾ ਨਾਮਕ ਡਰਾਈਵਰ ਨੌਜਵਾਨ ਦੀ ਮੌਤ ਹੋ ਗਈ। ਲੁਟੇਰੇ ਹਮਲਾ ਕਰਨ ਤੋਂ ਬਾਅਦ ਅਲਮਾਰੀਆਂ ਦੇ ਤਾਲੇ ਤੋੜ ਕੇ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ।
ਰੌਲੇ ਦੀ ਆਵਾਜ਼ ਸੁਣ ਸਾਹਮਣੇ ਛੱਤ 'ਤੇ ਸੁੱਤੇ ਹੋਏ ਪ੍ਰਵਾਸੀਆਂ ਨੇ ਆਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ ਦੀ ਛੱਤ ਦੀ ਪੌੜੀ ਹੀ ਉਥੋਂ ਹੇਠਾਂ ਸੁੱਟ ਕੇ ਬਾਹਰੋਂ ਕੁੰਡੀ ਲਗਾ ਦਿੱਤੀ ਸੀ ਜਿਵੇਂ ਕਿਵੇਂ ਉਹ ਹੇਠਾਂ ਉਤਰੇ ਪਰ ਤਦ ਤੱਕ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਚੁੱਕੇ ਸਨ। ਇਲਾਕਾ ਵਾਸੀਆਂ ਵੱਲੋਂ ਵਾਰਦਾਤ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਥਾਣਾ ਇੰਚਾਰਜ ਆਦਮਪੁਰ ਗੋਪਾਲ ਸਿੰਘ, ਪਤਾਰਾ ਥਾਣਾ ਇੰਚਾਰਜ ਸਤਪਾਲ ਸਿੱਧੂ, ਭੋਗਪੁਰ ਥਾਣਾ ਇੰਚਾਰਜ ਸੁਰਜੀਤ ਸਿੰਘ ਅਤੇ ਡੀ. ਐੱਸ. ਪੀ. ਗੁਰਵਿੰਦਰ ਸਿੰਘ ਸੰਧੂ ਮੌਕੇ 'ਤੇ ਪੁੱਜੇ ਅਤੇ ਕਾਰਵਾਈ ਸ਼ੁਰੂ ਕਰਦਿਆਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਰਸਤੇ 'ਚ ਇਕ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਦੀ ਹਰ ਪਹਿਲੂ 'ਤੇ ਜਾਂਚ ਕੀਤੀ ਜਾ ਰਹੀ ਹੈ। 
ਮੌਕੇ 'ਤੇ ਮੌਜੂਦ ਪੁਲਸ ਨੇ ਦੱਸਿਆ ਕਿ ਲੁੱਟਖੋਹ ਦੌਰਾਨ ਇਕ ਦੀ ਹੱਤਿਆ ਹੋਈ ਹੈ ਅਤੇ 6 ਹੋਰ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਦੀ ਪਛਾਣ ਸੋਨੀਆ ਮਹੰਤ (55) ਪੁੱਤਰੀ ਕਰਮ ਚੰਦ ਵਾਸੀ ਨੰਗਲ ਕਰਾਰ ਖਾਂ ਮੌਜੂਦਾ ਵਾਸੀ ਡੇਰਾ ਭੈਰੋਂ ਜਤੀ ਜੰਡੂਸਿੰਘਾ, ਪਰਮਿੰਦਰ ਕੌਰ (40, ਮ੍ਰਿਤਕ ਸੰਦੀਪ ਦੀ ਪਤਨੀ) ਵਾਸੀ ਜੰਡੂਸਿੰਘਾ, ਰਵਿੰਦਰ ਸਿੰਘ (25) ਪੁੱਤਰ ਬਿੰਦਰ ਸਿੰਘ ਵਾਸੀ ਵਿਸ਼ਵਕਰਮਾ ਮਾਰਕੀਟ ਕਰਤਾਰਪੁਰ, ਰਮਨ ਪੁੱਤਰ ਲਸ਼ਕਰ ਵਾਸੀ ਬਿਨਪਾਲਕੇ ਭੋਗਪੁਰ, ਜੋਗਿੰਦਰ ਪਾਲ ਪੁੱਤਰ ਓਮ ਪ੍ਰਕਾਸ਼ ਵਾਸੀ ਜੰਡੂਸਿੰਘਾ, ਸ਼ਿਆਮ ਲਾਲ (42) ਉਰਫ ਕਾਲਾ ਬਾਬਾ ਪੁੱਤਰ ਚੰਨਣ ਰਾਮ ਵਾਸੀ ਮਹਿੰਦੀਪੁਰ ਹੁਸ਼ਿਆਰਪੁਰ ਦੱਸਿਆ ਗਿਆ ਹੈ। ਦੇਰ ਰਾਤ ਹੋਈ ਵਾਰਦਾਤ ਨਾਲ ਪੂਰੇ ਪੁਲਸ ਤੰਤਰ ਵਿਚ ਹੜਕੰਪ ਮਚ ਗਿਆ। 
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. (ਡੀ) ਬਲਕਾਰ ਸਿੰਘ ਮੌਕੇ 'ਤੇ ਪਹੁੰਚੇ ਤੇ ਮੌਕੇ ਦਾ ਜਾਇਜ਼ਾ ਲਿਆ। ਡੀ. ਐੈੱਸ. ਪੀ. ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਵਲੋਂ ਲੁੱਟਖੋਹ, ਹੱਤਿਆ ਅਤੇ ਕੁੱਟਮਾਰ ਦੇ ਤਹਿਤ ਧਾਰਾ 458, 459 ਅਤੇ 460 ਲਗਾਈਆਂ ਗਈਆਂ ਹਨ। ਬਾਕੀ ਸਾਰੀਆਂ ਥਿਊਰੀਆਂ 'ਤੇ ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਜਲਦੀ ਹੀ ਪੁਖਤਾ ਕਦਮ ਚੁੱਕੇ ਜਾਣਗੇ। 
ਸੋਨੀਆ ਮਹੰਤ 1999 ਤੋਂ ਗੱਦੀ 'ਤੇ ਕਾਬਜ਼ ਹੈ
ਡੇਰਾ ਮੁਖੀ ਸੋਨੀਆ ਨੇ ਦੱਸਿਆ ਕਿ ਗੱਦੀ ਨਸ਼ੀਨ ਆਸ਼ਾ ਮਹੰਤ ਦੇ ਸਵਰਗਵਾਸ ਹੋਣ ਤੋਂ ਬਾਅਦ 1999 'ਚ ਉਹ ਗੱਦੀ 'ਤੇ ਬੈਠੀ ਅਤੇ ਉਸ ਵੇਲੇ ਤੋਂ ਹੀ ਡੇਰੇ ਦੀ ਸੇਵਾ ਕਰ ਰਹੀ ਹੈ। ਇੰਨੇ ਸਾਲਾਂ ਵਿਚ ਅੱਜ ਤੱਕ ਅਜਿਹੀ ਕੋਈ ਵਾਰਦਾਤ ਨਹੀਂ ਹੋਈ ਸੀ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਸੋਨੂੰ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ
ਮ੍ਰਿਤਕ ਸੰਦੀਪ ਸਿੰਘ ਸੋਨੂੰ ਦੀ ਭੈਣ ਨਿਰਮਲ ਕੌਰ ਨੇ ਦੱਸਿਆ ਕਿ ਉਹ ਤਲਾਕਸ਼ੁਦਾ ਹੈ ਅਤੇ ਆਪਣੀਆਂ ਦੋ ਬੇਟੀਆਂ ਨਾਲ ਆਪਣੇ ਭਰਾ ਅਤੇ ਮਾਤਾ ਦੇ ਨਾਲ ਰਹਿ ਰਹੀ ਸੀ। ਸੋਨੂੰ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ, ਤਿੰਨ ਸਾਲ ਪਹਿਲਾਂ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਸੋਨੂੰ ਪਿਛਲੇ 20 ਸਾਲਾਂ ਤੋਂ ਡੇਰੇ ਵਿਚ ਹੀ ਰਹਿ ਰਿਹਾ ਸੀ। 
ਸਾਰਿਆਂ ਦੇ ਸਿਰ 'ਤੇ ਹੋਇਆ ਹਮਲਾ
ਸ਼ਾਤਿਰ ਲੁਟੇਰਿਆਂ ਨੇ ਪੂਰੀ ਪਲੈਨਿੰਗ ਨਾਲ ਵਾਰਦਾਤ ਨੂੰ ਅੰਜਾਮ ਦਿੰਦਿਆਂ ਰੇਕੀ ਕਰਕੇ ਹਮਲਾ ਕੀਤਾ। ਲੁਟੇਰਿਆਂ ਨੇ ਜਿਸ ਤਰ੍ਹਾਂ ਸਾਰੇ ਲੋਕਾਂ ਦੇ ਸਿਰ 'ਤੇ ਹਮਲਾ ਕੀਤਾ ਉਸ ਤੋਂ ਪਤਾ ਲਗਦਾ ਹੈ ਕਿ ਲੁਟੇਰਿਆਂ ਦੀ ਪਹਿਲਾਂ ਤੋਂ ਹੀ ਪਲੈਨਿੰਗ ਸੀ। ਲੁਟੇਰਿਆਂ ਨੇ ਡੇਰੇ 'ਚ ਰਹਿਣ ਵਾਲੇ ਲੋਕਾਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਸੀ ਅਤੇ ਸਾਰਿਆਂ ਦੇ ਮੋਬਾਇਲ ਫੋਨ ਖੋਹ ਲਏ ਸਨ। ਪਰ ਉਨ੍ਹਾਂ 'ਚੋਂ ਇਕ ਵਿਅਕਤੀ ਕੋਲ ਮੋਬਾਇਲ ਫੋਨ ਸੀ, ਜਿਸ ਨੇ ਫੋਨ ਕਰਕੇ ਸਾਰੀ ਸੂਚਨਾ ਦਿੱਤੀ। ਦੂਜੀ ਗੱਲ ਡੇਰਾ ਚਾਰੇ ਪਾਸਿਓਂ ਖੁੱਲ੍ਹਾ ਹੈ। ਉਸ ਦੀ ਬਾਊਂਡਰੀ ਵਾਲ ਤੱਕ ਨਹੀਂ ਹੈ, ਡੇਰੇ 'ਚ ਦੋ ਕਮਰੇ ਬਣੇ ਹਨ ਪਰ ਕੋਈ ਵੀ ਸੁਰੱਖਿਆ ਦਾ ਇੰਤਜ਼ਾਮ ਨਹੀਂ ਹੈ।
ਇਲਾਕੇ ਦੇ ਲੋਕਾਂ ਨੇ ਤਿੰਨ ਦਿਨ ਪਹਿਲਾਂ ਦੇਖਿਆ ਸੀ ਕਾਲਾ ਕੱਛਾ ਗਿਰੋਹ ਦੇ ਮੈਂਬਰਾਂ ਨੂੰ 
ਇਲਾਕੇ ਦੇ ਲੋਕਾਂ ਨੇ ਦੱਸਿਆ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਹੀ ਧਾਰਮਕ ਸਥਾਨ ਦੇ ਆਲੇ-ਦੁਆਲੇ ਕੱਛਾ ਗਿਰੋਹ ਦੇ ਲੋਕਾਂ ਨੂੰ ਘੁੰਮਦੇ ਵੇਖਿਆ ਸੀ। ਲੋਕਾਂ ਦੇ ਬਾਹਰ ਨਿਕਲਦੇ ਹੀ ਉਹ ਲੋਕ ਉਥੋਂ ਖਿਸਕ ਗਏ। ਡੇਰੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਹਮਲਾਵਰਾਂ ਵਿਚੋਂ ਇਕ ਵਿਅਕਤੀ ਕਰੀਬ ਸਵਾ ਛੇ ਫੁੱਟ ਲੰਮਾ ਸੀ ਜਿਸ ਦੀ ਉਹ ਪਛਾਣ ਕਰ ਸਕਦਾ ਹੈ।


Related News