ਬੁੱਧਵਾਰ ਨੂੰ ਪੰਜਾਬ ਪੁੱਜਣਗੀਆਂ ਸਾਬਕਾ ਪ੍ਰਧਾਨ ਮੰਤਰੀ ਵਾਜਪਈ ਦੀਆਂ ਅਸਤੀਆਂ

08/21/2018 10:23:13 AM

ਲੁਧਿਆਣਾ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀਆਂ ਅਸਤੀਆਂ ਬੁੱਧਵਾਰ ਨੂੰ ਪੰਜਾਬ ਪੁੱਜ ਜਾਣਗੀਆਂ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵਾਜਪਈ ਜੀ ਦੀਆਂ ਅਸਤੀਆਂ ਲੈਣ ਲਈ ਦਿੱਲੀ ਪੁੱਜ ਗਏ ਹਨ। ਦੇਸ਼ ਦੇ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਲਿਆ ਕੇ ਵੀ ਵਾਜਪਈ ਜੀ ਦੀਆਂ ਅਸਤੀਆਂ ਨੂੰ ਨਹਿਰ 'ਚ ਪ੍ਰਵਾਹ ਕੀਤਾ ਜਾਵੇਗਾ। ਉਨ੍ਹਾਂ ਦੀਆਂ ਅਸਤੀਆਂ ਨੂੰ ਲਿਆਉਣ ਦਾ ਮੁੱਖ ਮਕਸਦ ਦਿੱਲੀ ਨਾ ਪੁੱਜਣ ਸਕਣ ਵਾਲੇ ਕਾਰਕੁੰਨਾਂ ਤੇ ਵਾਜਪਈ ਦੇ ਚਾਹੁਣ ਵਾਲਿਆਂ ਨੂੰ ਉਨ੍ਹਾਂ ਦੀ ਯਾਦ ਨਾਲ ਜੋੜਨਾ ਹੈ। 

ਵੱਡੀ ਗਿਣਤੀ 'ਚ ਲੋਕ ਆਪਣੇ ਹਰਮਨ ਪਿਆਰੇ ਨੇਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ ਚਾਹੁੰਦੇ ਹਨ। ਵਾਜਪਈ ਜੀ ਦਾ ਅਸਤੀ ਕਲਸ਼ 22 ਅਗਸਤ ਨੂੰ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਦੁਪਹਿਰ 1.30 ਵਜੇ ਅੰਮ੍ਰਿਤਸਰ ਸਥਿਤ ਰਾਜਾਸਾਂਸੀ ਏਅਰਪੋਰਟ 'ਤੇ ਲਿਆਂਦਾ ਜਾਵੇਗਾ। ਉਸ ਤੋਂ ਬਾਅਦ ਪਾਰਟੀ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਫਿਰ ਅਸਤੀਆਂ ਦੇ ਦਰਸ਼ਨ ਕਰਨ ਤੇ ਸ਼ਰਧਾਂਜਲੀ ਦੇਣ ਲਈ ਇਨ੍ਹਾਂ ਨੂੰ ਜਨਤਾ ਸਾਹਮਣੇ ਰੱਖਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਵਾਜਪਈ ਜੀ ਦੀਆਂ ਅਸਤੀਆਂ ਨੂੰ ਪਹਿਲਾਂ ਬਿਆਸ ਦਰਿਆ 'ਚ ਪ੍ਰਵਾਹ ਕਰਨ ਦਾ ਪ੍ਰੋਗਰਾਮ ਸੀ ਪਰ ਪਾਰਟੀ ਲੀਡਰਸ਼ਿਪ ਨੂੰ ਮਾਲਵਾ ਤੇ ਦੋਆਬਾ 'ਚ ਪਾਰਟੀ ਕਾਰਕੁੰਨਾਂ ਤੇ ਵਾਜਪਈ ਸਮਰਥਕਾਂ ਵਲੋਂ ਸ਼ਰਧਾਂਜਲੀ ਦਿੱਤੇ ਜਾਣ ਦੀ ਅਪੀਲ ਮਿਲ ਰਹੀ ਸੀ। ਪਾਰਟੀ ਨੇਤਾ ਇਹ ਨਹੀਂ ਚਾਹੁੰਦੇ ਸਨ ਕਿ ਵਾਜਪਈ ਜੀ ਦੇ ਚਾਹੁਣ ਵਾਲਿਆਂ ਨੂੰ ਮਾਯੂਸ ਕੀਤਾ ਜਾਵੇ, ਲਿਹਾਜਾ ਅੰਮ੍ਰਿਤਸਰ ਤੋਂ ਇਲਾਵਾ ਦੂਜੇ ਜ਼ਿਲਿਆਂ 'ਚ ਵੀ ਵਾਜਪਾਈ ਜੀ ਦੇ ਅਸਤੀ ਕਲਸ਼ ਨੂੰ ਲੈ ਜਾਣ ਦਾ ਫੈਸਲਾ ਕੀਤਾ ਜਾ ਸਕਦਾ ਹੈ। 


Related News