ਸੈਲਾ ਖੁਰਦ ਦੇ ਆਸ-ਪਾਸ ਦਾ ਇਲਾਕਾ ਬਣਿਆ ਕੈਂਸਰ ਤੇ ਦਮੇ ਦਾ ਕੇਂਦਰ
Monday, Jul 02, 2018 - 12:20 AM (IST)
ਹੁਸ਼ਿਆਰਪੁਰ, (ਘੁੰਮਣ)- ਹੁਸ਼ਿਆਰਪੁਰ-ਚੰਡੀਗਡ਼੍ਹ ਰੋਡ ’ਤੇ ਸਥਿਤ ਸੈਲਾ ਖੁਰਦ ਦੇ ਆਸ-ਪਾਸ ਦਾ ਇਲਾਕਾ ਕੈਂਸਰ, ਦਮਾ ਤੇ ਮੰਦਬੁੱਧੀ ਬੱਚਿਆਂ ਦਾ ਇਲਾਕਾ ਬਣਿਆ ਹੋਇਆ ਹੈ। ਲੇਬਰ ਪਾਰਟੀ ਭਾਰਤ ਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਉਪ ਪ੍ਰਧਾਨ ਜਸਵਿੰਦਰ ਕੁਮਾਰ, ਮਹਿਲਾ ਆਗੂ ਬਲਵੀਰ ਕੌਰ ਨੇ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਤੋਂ ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਇਸ ਇਲਾਕੇ ਵਿਚ ਇਕ ਵੱਡੀ ਫੈਕਟਰੀ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਰਸਾਇਣਕ ਤੱਤਾਂ ਨਾਲ ਭਰਪੂਰ ਟੋਕਸਿਕ ਵੇਸਟ ਵਾਟਰ ਖੇਤਾਂ ਵਿਚ ਛੱਡ ਰਹੀ ਹੈ। ਉਨ੍ਹਾਂ ਦੱਸਿਆ ਕਿ ਆਰ. ਟੀ. ਆਈ. ਵੱਲੋਂ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਸਾਲ 2009 ਤੋਂ ਲੈ ਕੇ ਸਾਲ 2017 ਤੱਕ ਇਸ ਖੇਤਰ ’ਚ ਕੈਂਸਰ ਨਾਲ 283 ਤੇ ਦਮੇ ਨਾਲ 172 ਵਿਅਕਤੀ ਮੌਤ ਦਾ ਗ੍ਰਾਸ ਬਣ ਚੁੱਕੇ ਹਨ। ਇਸ ਤੋਂ ਇਲਾਵਾ 105 ਮੰਦਬੁੱਧੀ ਬੱਚਿਆਂ ਨੇ ਜਨਮ ਲਿਆ।
ਸੌਂ ਰਹੇ ਹਨ ਸਰਕਾਰੀ ਵਿਭਾਗ ਦੇ ਅਧਿਕਾਰੀ : ਉਕਤ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦੀ ਦੁਹਾਈ ਦੇਣ ਵਾਲੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀ ਵਿਭਾਗ, ਜ਼ਮੀਨ ਬਚਾਓ ਵਿਭਾਗ ਦੇ ਅਧਿਕਾਰੀ ਇਸ ਮਾਮਲੇ ’ਚ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ ਜ਼ਿਆਦਾਤਰ ਸਰਕੰਡੇ ਨਾਲ ਕਾਗਜ਼ ਤਿਆਰ ਹੁੰਦਾ ਹੈ ਤੇ ਸਰਕੰਡੇ ਨੂੰ ਸਾਫ਼ ਕਰਨ ਤੇ ਉਸਦੀ ਪਲਪ ਬਨਾਉਣ ਲਈ ਕਾਸਟਿਕ ਸੋਡਾ ਤੇ ਹੋਰ ਕੈਮੀਕਲ ਇਸਤੇਮਾਲ ਕੀਤੇ ਜਾਂਦੇ ਹਨ, ਜਿਸਦੀ ਰਸਾਇਣਕ ਕਿਰਿਆ ਹੁੰਦੀ ਹੈ। ਜਦੋਂ ਰਸਾਇਣਯੁਕਤ ਪਾਣੀ ਖੁੱਲ੍ਹੀ ਹਵਾ ਵਿਚ ਦਾਖ਼ਲ ਹੁੰਦਾ ਹੈ ਤਾਂ ਉਥੇ ਸਲਫਾਈਡ, ਨਾਈਟਰੋਜ਼ਨ ਡਾਇਓਕਸਾਈਡ, ਕਾਰਬਨ ਮੋਨੋਆਕਸਾਈਡ ਆਦਿ ਵਰਗੀਆਂ ਭਿਆਨਕ ਗੈਸਾਂ ਪੈਦਾ ਹੁੰਦੀਆਂ ਹਨ।
