ਪੰਜਾਬ ਦੇ 2212 ਐਸੋਸੀਏਟਿਡ ਸਕੂਲਾਂ ''ਤੇ ਲਟਕੀ ਤਲਵਾਰ
Saturday, Feb 03, 2018 - 10:51 AM (IST)
ਬਠਿੰਡਾ (ਬਲਵਿੰਦਰ)-ਪੰਜਾਬ ਦੇ 2212 ਪ੍ਰਾਈਵੇਟ ਐਸੋਸੀਏਟਿਡ ਸਕੂਲਾਂ ਦੇ ਭਵਿੱਖ 'ਤੇ ਤਲਵਾਰ ਲਟਕ ਗਈ ਹੈ। ਸਰਕਾਰ ਵੱਲੋਂ ਉਕਤ ਸਕੂਲਾਂ ਨੂੰ ਚੱਲਦਾ ਰੱਖਣ ਲਈ ਇਸ ਵਾਰ ਕੰਟੀਨਿਊਸ਼ਨ ਪ੍ਰੋਫਾਰਮਾ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਸਕੂਲਾਂ ਦੇ ਪ੍ਰਬੰਧਕ ਚਿੰਤਤ ਹਨ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਸਿੱਖਿਆ ਵਿਭਾਗ ਵੱਲੋਂ ਉਕਤ ਪ੍ਰੋਫਾਰਮਾ ਜਾਰੀ ਨਾ ਕੀਤਾ ਗਿਆ ਤਾਂ ਉਕਤ ਸਕੂਲਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਪ੍ਰਾਈਵੇਟ ਐਸੋਸੀਏਟਿਡ ਸਕੂਲਜ਼ ਐਸੋਸੀਏਸ਼ਨ ਪੰਜਾਬ ਦੇ ਸਰਪ੍ਰਸਤ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਦੱਸਿਆ ਕਿ ਪੰਜਾਬ ਭਰ 'ਚ ਉੱਚ ਪੱਧਰੀ ਸਿੱਖਿਆ ਮੁਹੱਈਆ ਕਰਵਾ ਰਹੇ ਉਕਤ 2212 ਤੋਂ ਜ਼ਿਆਦਾ ਸਕੂਲਾਂ ਨੂੰ ਚਾਲੂ ਰੱਖਣ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਸਤੰਬਰ ਮਹੀਨੇ ਦੌਰਾਨ ਜਾਂ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੰਟੀਨਿਊਸ਼ਨ ਪ੍ਰੋਫਾਰਮਾ ਨੈੱਟ 'ਤੇ ਅੱਪਲੋਡ ਕਰ ਦਿੱਤਾ ਜਾਂਦਾ ਸੀ। ਪਿਛਲੇ 8 ਸਾਲਾਂ ਤੋਂ ਇਹ ਪ੍ਰੋਫਾਰਮਾ ਲਗਾਤਾਰ ਪਹਿਲਾਂ ਹੀ ਉਪਲਬਧ ਕਰਵਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਅਜੇ ਤੱਕ ਇਹ ਪ੍ਰੋਫਾਰਮਾ ਅੱਪਲੋਡ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਸਕੂਲ ਪ੍ਰਬੰਧਕ ਚਿੰਤਾ 'ਚ ਹਨ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚ 50 ਹਜ਼ਾਰ ਅਧਿਆਪਕ ਤਾਇਨਾਤ ਹਨ, ਜਦਕਿ 5 ਲੱਖ ਵਿਦਿਆਰਥੀ ਵੀ ਹਨ। ਇਨ੍ਹਾਂ ਸਕੂਲਾਂ ਦੇ ਨਤੀਜੇ ਸਰਕਾਰੀ ਸਕੂਲਾਂ ਤੋਂ ਕਿਤੇ ਜ਼ਿਆਦਾ ਚੰਗੇ ਆਉਂਦੇ ਹਨ, ਜਦਕਿ ਇਹ ਸਕੂਲ ਸਾਰੇ ਸਰਕਾਰੀ ਮਾਪਦੰਡ ਵੀ ਪੂਰੇ ਕਰਦੇ ਹਨ।
ਇਨ੍ਹਾਂ ਸਕੂਲਾਂ ਦੇ ਪ੍ਰਬੰਧਕ ਬੇਹੱਦ ਘੱਟ ਫੀਸਾਂ ਲੈ ਕੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ, ਜਦਕਿ ਹਰ ਸਾਲ ਸਰਕਾਰ ਨੂੰ 6 ਤੋਂ 7 ਹਜ਼ਾਰ ਰੁਪਏ ਕੰਟੀਨਿਊਸ਼ਨ ਫੀਸ ਵੀ ਜਮ੍ਹਾ ਕਰਵਾਈ ਜਾਂਦੀ ਹੈ। ਇਸ ਦੇ ਬਾਵਜੂਦ ਸਰਕਾਰ ਉਕਤ ਪ੍ਰੋਫਾਰਮਾ ਜਾਰੀ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਹੈ ਕਿ ਉਕਤ ਪ੍ਰੋਫਾਰਮਾ ਤੁਰੰਤ ਜਾਰੀ ਕੀਤਾ ਜਾਵੇ ਅਤੇ ਅਗਾਂਹ ਤੋਂ ਸਕੂਲਾਂ ਨੂੰ ਪੱਕੀ ਮਾਨਤਾ ਦਿੱਤੀ ਜਾਵੇ।
