ਸੁਖਬੀਰ ਦੇ ਦੋਸ਼ਾਂ ਦੀ ਜਾਂਚ ਲਈ ਵਿਧਾਨ ਸਭਾ ਨੇ ਗਠਿਤ ਕੀਤੀ ਹਾਊਸ ਕਮੇਟੀ

Wednesday, Aug 29, 2018 - 06:41 AM (IST)

ਸੁਖਬੀਰ ਦੇ ਦੋਸ਼ਾਂ ਦੀ ਜਾਂਚ ਲਈ ਵਿਧਾਨ ਸਭਾ ਨੇ ਗਠਿਤ ਕੀਤੀ ਹਾਊਸ ਕਮੇਟੀ

ਚੰਡੀਗੜ੍ਹ,  (ਰਮਨਜੀਤ)-  ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦਾ ਅਸਰ ਸਦਨ ਵਿਚ ਵਿਖਾਈ ਦਿੱਤਾ। ਸਿਫਰ ਕਾਲ ਦੌਰਾਨ ਉੱਠੇ ਮਸਲੇ ਅਤੇ ਹੰਗਾਮੇ ਤੋਂ ਬਾਅਦ ਮੁੱਖ ਮੰਤਰੀ ਨੇ ਸੁਖਬੀਰ ਬਾਦਲ 'ਤੇ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਅਤੇ ਸਪੀਕਰ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਸਦਨ ਦੀ ਕਮੇਟੀ ਵੱਲੋਂ ਕਰਵਾਈ ਜਾਵੇ। ਸਦਨ ਵੱਲੋਂ ਸਹਿਮਤੀ ਦੇਣ ਤੋਂ ਬਾਅਦ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਹਾਊਸ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਕਤ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਅਕਾਲੀ ਦਲ ਦਾ ਕਹਿਣਾ ਸੀ ਕਿ ਰਿਪੋਰਟ ਤੁਹਾਡੇ ਇਕ ਵਿਧਾਇਕ ਅਤੇ ਕੁਝ ਹੋਰ ਲੋਕਾਂ ਨੇ ਮਿਲ ਕੇ ਮੁੱਲਾਂਪੁਰ ਦੇ ਇਲਾਕੇ 'ਚ ਬੈਠ ਕੇ ਤਿਆਰ ਕੀਤੀ ਹੈ। ਇਸ ਸਬੰਧ 'ਚ ਸੁਖਬੀਰ ਸਿੰਘ ਬਾਦਲ ਵੱਲੋਂ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਸੀ।
ਸਿਫ਼ਰ ਕਾਲ ਦੌਰਾਨ ਗੁਰਕੀਰਤ ਕੋਟਲੀ ਨੇ ਕਿਹਾ ਕਿ ਪੰਜਾਬ 'ਚ ਇਕ ਵਾਰ ਫਿਰ ਤੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਜ਼ਿੰਮੇਵਾਰ ਹੈ। ਕੋਟਲੀ ਨੇ ਅਕਾਲੀ ਦਲ ਨੇਤਾਵਾਂ ਨੂੰ ਕਿਹਾ ਕਿ ਉਹ ਅੱਗ ਨਾਲ ਨਾ ਖੇਡਣ ਅਤੇ ਜਿਸ ਸ਼ਖਸ ਨੂੰ ਮੁਆਫੀ ਦਿਵਾਉਣ ਲਈ ਅਕਾਲੀ ਲੀਡਰਸ਼ਿਪ ਦੇਸ਼ ਦੇ ਗ੍ਰਹਿ ਮੰਤਰੀ ਨਾਲ ਬੈਠਕਾਂ ਕਰਨ ਗਈ ਸੀ, ਉਹ ਕਿਸੇ ਵੀ ਹਾਲਤ ਵਿਚ ਪੰਜਾਬ ਲਈ ਚੰਗਾ ਨਹੀਂ ਹੈ। ਉੱਧਰ ਇਸ ਦਾ ਵਿਰੋਧ ਕਰਦੇ ਹੋਏ ਅਕਾਲੀ ਦਲ ਵਿਧਾਇਕਾਂ ਵੱਲੋਂ ਕੁੱਝ ਤਸਵੀਰਾਂ ਦਿਖਾ ਕੇ ਕਾਂਗਰਸ ਨੂੰ ਗਰਮਦਲੀਆਂ ਦੇ ਨਜ਼ਦੀਕੀਆਂ ਵਾਲਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ।
ਇਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਜੋ ਤਸਵੀਰ ਕੱਲ ਤੋਂ ਲੈ ਕੇ ਘੁੰਮ ਰਹੇ ਹਨ ਅਤੇ ਇਹ ਸਾਬਤ ਕਰਨਾ ਚਾਹੁੰਦੇ ਰਹੇ ਹਨ ਕਿ ਸਿੱਖ ਪ੍ਰਚਾਰਕ ਸੰਤ ਸਿੰਘ ਦਾਦੂਵਾਲ ਮੈਨੂੰ ਮਿਲੇ ਸਨ, ਉਹ ਤਸਵੀਰ ਇਕ ਅੰਗਰੇਜ਼ੀ ਅਖਬਾਰ 'ਚ ਉਦੋਂ ਛਪੀ ਸੀ, ਜਦੋਂ ਕਈ ਸਿੱਖ ਪ੍ਰਚਾਰਕ ਬਰਗਾੜੀ ਮੁੱਦੇ 'ਤੇ ਉਨ੍ਹਾਂ ਨਾਲ ਬੈਠਕ ਕਰਨ ਪੁੱਜੇ ਸਨ। ਇਸ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਤਾਂ ਇਸ ਗੱਲ 'ਤੇ ਹੈਰਾਨ ਸਨ ਕਿ ਐਤਵਾਰ ਰਾਤ ਨੂੰ 8 ਵਜੇ ਦਾਦੂਵਾਲ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਕੀ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਦਾਦੂਵਾਲ ਨੂੰ ਨਹੀਂ ਪਛਾਣਦੇ, ਜੇਕਰ 4-5 ਮੋਟੇ-ਮੋਟੇ ਜਥੇਦਾਰਾਂ 'ਚ ਦਾਦੂਵਾਲ ਨੂੰ ਖੜ੍ਹਾ ਕਰ ਦਿਓ ਤਾਂ ਮੈਂ ਉਨ੍ਹਾਂ ਨੂੰ ਨਹੀਂ ਸਿਆਣਦਾ।
ਸੁਖਬੀਰ ਬਾਦਲ ਦੇ ਦੋਸ਼ਾਂ 'ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਜਸਟਿਸ ਰਣਜੀਤ ਸਿੰਘ, ਸੁਖਪਾਲ ਸਿੰਘ ਖਹਿਰਾ, ਕੱਟੜਪੰਥੀ ਸਿੱਖ ਨੇਤਾ ਚੰਨਣ ਸਿੰਘ ਸਿੱਧੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਹੋਰ ਲੋਕਾਂ 'ਤੇ ਦੋਸ਼ ਲਾ ਰਹੇ ਹਨ, ਜੋ ਕਿ ਸਰਾਸਰ ਝੂਠ ਹੈ। ਉਨ੍ਹਾਂ ਆਪਣੇ ਪੱਧਰ 'ਤੇ ਜਾਂਚ ਪੜਤਾਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਕਤ ਲੋਕਾਂ ਦੀ ਕਾਲ ਡਿਟੇਲਸ ਦਿੰਦੇ ਹੋਏ ਜਿਸ ਟਾਵਰ ਦਾ ਸੁਖਬੀਰ ਬਾਦਲ ਜ਼ਿਕਰ ਕਰ ਰਹੇ ਹਨ, ਉਹ ਹੈ ਹੀ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਝੂਠੇ ਦੋਸ਼ ਲਾ ਕੇ ਸੁਖਬੀਰ ਬਾਦਲ ਸਦਨ ਨੂੰ ਗੁੰਮਰਾਹ ਕਰ ਰਹੇ ਹਨ, ਜਿਸ ਲਈ ਇਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸਦਨ ਦੀ ਕਮੇਟੀ ਬਣਾ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਾਈ ਜਾਵੇ ਅਤੇ ਮਾਮਲਾ ਝੂਠਾ ਪਾਏ ਜਾਣ 'ਤੇ ਸੁਖਬੀਰ ਬਾਦਲ ਖਿਲਾਫ ਕਾਰਵਾਈ ਕੀਤੀ ਜਾਵੇ, ਜਿਸ ਤੋਂ ਬਾਅਦ ਸਪੀਕਰ ਨੇ ਸਦਨ ਵੱਲੋਂ ਮੁੱਖ ਮੰਤਰੀ ਦੇ ਉਕਤ ਪ੍ਰਸਤਾਵ 'ਤੇ ਸਹਿਮਤੀ ਹਾਸਲ ਕਰਕੇ ਕਮੇਟੀ ਦਾ ਗਠਨ ਕਰ ਦਿੱਤਾ।
ਇਸ 'ਤੇ ਅਕਾਲੀ ਦਲ ਦੇ ਵਿਧਾਇਕ ਭੜਕ ਗਏ ਅਤੇ ਸਦਨ ਦੇ ਵਿਚਕਾਰ ਜਾ ਪਹੁੰਚੇ ਅਤੇ ਸਪੀਕਰ ਦੇ ਆਸਨ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਨੇ ਮੰਗ ਕੀਤੀ ਕਿ ਕਮੇਟੀ ਬਣਾਓ ਪਰ ਉਸ 'ਚ ਇਹ ਗੱਲ ਵੀ ਆਉਣੀ ਚਾਹੀਦੀ ਹੈ ਕਿ ਇਨ੍ਹਾਂ ਲੋਕਾਂ ਨੇ ਮੀਟਿੰਗਾਂ ਕਿੱਥੇ-ਕਿੱਥੇ ਕੀਤੀਆਂ ਤੇ ਕਿਨ੍ਹਾਂ ਨੇਤਾਵਾਂ ਨੂੰ ਮਿਲੇ। ਹਰ ਚੀਜ਼ ਦਾ ਖੁਲਾਸਾ ਹੋਣਾ ਚਾਹੀਦਾ ਹੈ। ਕਿਸ ਤਰੀਕ ਨੂੰ ਜਸਟਿਸ ਰਣਜੀਤ ਸਿੰਘ ਸਰਕਾਰ ਦੇ ਮੰਤਰੀਆਂ ਨੂੰ ਮਿਲਦੇ ਰਹੇ ਹਨ ਅਤੇ ਉਨ੍ਹਾਂ ਦੀਆ ਥਾਵਾਂ, ਹੋਟਲਾਂ ਅਤੇ ਨਿਵਾਸ ਸਥਾਨਾਂ ਦਾ ਵੀ ਜ਼ਿਕਰ ਕੀਤਾ ਜਾਵੇ। ਇਸ ਤੋਂ ਸਾਰੀ ਹਾਲਤ ਦਾ ਖੁਲਾਸਾ ਹੋ ਜਾਵੇਗਾ ਅਤੇ ਕੈਪਟਨ ਜੋ ਦਾਅਵਾ ਕਰ ਰਹੇ ਹਨ, ਦਾ ਵੀ ਪਰਦਾਫਾਸ਼ ਹੋ ਜਾਵੇਗਾ। ਇਸ ਤੋਂ ਬਾਅਦ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਤਿਆਰ ਰਿਪੋਰਟ ਦੀਆਂ ਕਾਪੀਆਂ ਸੁੱਟੀਆਂ ਅਤੇ ਮੰਗ ਕੀਤੀ ਕਿ ਇਹ ਇਕ ਸਾਜ਼ਿਸ਼ ਦਾ ਹਿੱਸਾ ਹੈ। ਇਸ ਦੀ ਹਰ ਤਰ੍ਹਾਂ ਨਾਲ ਜਾਂਚ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਨਾਅਰੇਬਾਜ਼ੀ ਕਰਦੇ ਹੋਏ ਅਕਾਲੀ-ਭਾਜਪਾ ਵਿਧਾਇਕਾਂ ਨੇ ਵਾਕਆਊਟ ਕੀਤਾ।
ਅਕਾਲੀ-ਭਾਜਪਾ ਵਿਧਾਇਕਾਂ ਦੇ ਵਾਕਆਊਟ ਤੋਂ ਬਾਅਦ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੇ ਫਰਸ਼ 'ਤੇ ਖਿੱਲਰੇ ਹੋਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਪੰਨਿਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਟੇਬਲ 'ਤੇ ਰੱਖਣ ਤੋਂ ਬਾਅਦ ਸੰਧਵਾਂ ਨੇ ਸਪੀਕਰ ਨੂੰ ਕਿਹਾ ਕਿ ਜਾਂਚ ਰਿਪੋਰਟ 'ਚ 92 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਸ੍ਰੀਮਦ ਭਗਵਦ ਗੀਤਾ, ਪਾਕਿ ਕੁਰਾਨ ਸ਼ਰੀਫ ਅਤੇ ਬਾਈਬਲ ਦਾ ਵੀ ਜ਼ਿਕਰ ਹੈ, ਜਿਸ ਨੂੰ ਪੈਰਾਂ 'ਚ ਸੁੱਟ ਕੇ ਇਨ੍ਹਾਂ ਨੇ ਫਿਰ ਤੋਂ ਬੇਅਦਬੀ ਕੀਤੀ ਹੈ। ਇਸ ਲਈ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਵੀ ਸਪੀਕਰ ਨੂੰ ਨਿੰਦਾ ਪ੍ਰਸਤਾਵ ਪਾਸ ਕਰਨ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਦਨ ਦੀ ਸਹਿਮਤੀ ਨਾਲ ਸਪੀਕਰ ਵੱਲੋਂ ਨਿੰਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ।
'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਾਊਸ ਕਮੇਟੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਸਤਾਵ ਨੂੰ ਪੂਰਾ ਸਮਰਥਨ ਦਿੰਦੇ ਹੋਏ ਕਿਹਾ ਕਿ ਕਮੇਟੀ ਬਣਨੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਮੈਂ ਹਾਊਸ ਕਮੇਟੀ ਦੇ ਹੱਕ ਵਿਚ ਹਾਂ। ਉਨ੍ਹਾਂ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਕਿ ਜੇਕਰ ਉਨ੍ਹਾਂ ਉਪਰ ਕੋਈ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਹ ਭੁਲੱਥ ਸੀਟ ਤੋਂ ਆਪਣਾ ਅਸਤੀਫਾ ਦੇ ਦੇਣਗੇ ਪਰ ਜੇਕਰ ਸੁਖਬੀਰ ਦੇ ਦੋਸ਼ ਗਲਤ ਸਾਬਤ ਹੋਏ ਤਾਂ ਕੀ ਸੁਖਬੀਰ ਇੰਨਾ ਹੌਸਲਾ ਰੱਖਦੇ ਹਨ ਕਿ ਉਹ ਅਸਤੀਫਾ ਦੇਣਗੇ। ਇਸ ਤੋਂ ਪਹਿਲਾਂ ਸਿਫ਼ਰ ਕਾਲ 'ਚ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਨੇ ਕਿਹਾ ਕਿ ਪਟਿਆਲਾ ਦੇ ਟੈਗੋਰ ਥੀਏਟਰ ਦੀ ਬੇਸ਼ਕੀਮਤੀ ਜ਼ਮੀਨ 'ਤੇ ਇਕ ਕਾਂਗਰਸੀ ਵਿਧਾਇਕ ਦੇ ਪਰਿਵਾਰਕ ਮੈਂਬਰਾਂ ਨੇ ਕਬਜ਼ਾ ਕੀਤਾ ਹੋਇਆ ਹੈ। ਕਰੋੜਾਂ ਦੀ ਇਸ ਜ਼ਮੀਨ ਨੂੰ ਖਾਲੀ ਕਰਾਇਆ ਜਾਵੇ।


Related News