ਸੁਖਬੀਰ ਸਿੰਘ ਬਾਦਲ ਨੇ ਵਿਨਰਜੀਤ ਸਿੰਘ ਗੋਲਡੀ ਨੂੰ ਸੰਗਰੂਰ ਤੋਂ ਐਲਾਨਿਆ ਉਮੀਦਵਾਰ

Saturday, Dec 04, 2021 - 06:10 PM (IST)

ਸੁਖਬੀਰ ਸਿੰਘ ਬਾਦਲ ਨੇ ਵਿਨਰਜੀਤ ਸਿੰਘ ਗੋਲਡੀ ਨੂੰ ਸੰਗਰੂਰ ਤੋਂ ਐਲਾਨਿਆ ਉਮੀਦਵਾਰ

ਚੰਡੀਗੜ੍ਹ : ਆਗਾਮੀ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਯੂਥ ਆਗੂ ਅਤੇ ਪੀ. ਆਰ. ਟੀ. ਸੀ. ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੂੰ ਉਮੀਦਵਾਰ ਐਲਾਨਿਆ ਹੈ। ਵਿਨਰਜੀਤ ਸਿੰਘ ਗੋਲਡੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਹਨ ਅਤੇ ਚੰਗੇ ਪੜ੍ਹੇ ਲਿਖੇ ਆਗੂ ਹਨ। ਇਸ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰਾ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਹੁਣ ਤਕ 91 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ

ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਨੇ ਸਭ ਤੋਂ ਪਹਿਲਾਂ ਆਪਣੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਮੇਰੇ ’ਤੇ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ, ਮੈਂ ਉਸ ਨੂੰ ਨਹੀਂ ਤੋੜਾਂਗਾ ਅਤੇ ਸੰਗਰੂਰ ਦੀ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿਚ ਪਾਵਾਂਗਾ। ਮੇਰੀ ਕੋਸ਼ਿਸ਼ ਰਹੇਗੀ ਕਿ ਸੰਗਰੂਰ ਦੇ ਤਮਾਮ ਮਸਲਿਆਂ ਨੂੰ ਚੰਗੀ ਤਰ੍ਹਾਂ ਚੁੱਕ ਸਕਾਂ। ਮੇਰਾ ਮੁੱਖ ਟੀਚਾ ਪਰਚਿਆਂ ਅਤੇ ਖਰਚਿਆਂ ਦੀ ਰਾਜਨੀਤੀ ਨੂੰ ਖ਼ਤਮ ਕਰਨਾ ਰਹੇਗਾ। ਮੈਂ ਜਾਤ-ਪਾਤ ਅਤੇ ਧਰਮ ਦੀ ਸਿਆਸਤ ਤੋਂ ਉਪਰ ਉੱਠ ਕੇ ਇਨਸਾਨੀਅਤ ਦੀ ਸਿਆਸਤ ਕਰਾਂਗਾ। ਮੇਰੀ ਕੋਸ਼ਿਸ਼ ਰਹੇਗੀ ਕਿ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਾਂ ਅਤੇ ਆਪਣੇ ਹਲਕੇ ਵਿਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਦਾ ਯਤਨ ਕਰਾਂਗਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News