2022 ਦੇ ਦੰਗਲ ’ਚ ਕੌਣ ਪਾਏਗਾ ਢੀਂਡਸਾ ਨਾਲ ਪੇਚਾ, ਸੁਖਬੀਰ ਜਾਂ ਚੰਦੂਮਾਜਰਾ?

06/11/2021 6:25:04 PM

ਲਹਿਰਾਗਾਗਾ (ਜ.ਬ.) : ਸੂਬੇ ਦੀਆਂ ਵਿਧਾਨ ਸਭਾ ਚੋਣਾਂ ’ਚ ਸਿਰਫ ਕੁਝ ਮਹੀਨੇ ਦਾ ਸਮਾਂ ਹੀ ਬਾਕੀ ਰਹਿਣ ਦੇ ਕਾਰਨ ਸੂਬੇ ਦੇ ਸਭ ਤੋਂ ਵੱਧ ਚਰਚਿਤ ਵਿਧਾਨ ਸਭਾ ਹਲਕਾ ਲਹਿਰਾਗਾਗਾ ’ਚ ਵੱਖ-ਵੱਖ ਪਾਰਟੀਆਂ ਨੇ ਆਪੋ-ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਵੋਟਰਾਂ ਦੀ ਨਬਜ਼ ਟਟੋਲੀ ਜਾ ਰਹੀ ਹੈ। ਹਲਕੇ ’ਚ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਪਰ ਅਕਾਲੀ ਦਲ (ਬਾਦਲ) ਦੀ ਅਜੇ ਤੱਕ ਕੋਈ ਚੁਣਾਵੀ ਸਿਆਸੀ ਸਰਗਰਮੀ ਨਾ ਹੋਣਾ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਨੂੰ ਜਨਮ ਦੇ ਰਹੀ ਹੈ ਕਿਉਂਕਿ ਜਦੋਂ ਤੋਂ ਢੀਂਡਸਾ ਨੇ ‘ਸਿਧਾਂਤਾਂ ਦੀ ਲੜਾਈ’ ਦੇ ਮੁੱਦੇ ’ਤੇ ਅਕਾਲੀ ਦਲ (ਬਾਦਲ) ਦਾ ਸਾਥ ਛੱਡ ਕੇ ਨਵਾਂ ਅਕਾਲੀ ਦਲ ਬਣਾਇਆ ਹੈ, ਉਦੋਂ ਤੋਂ ਹੀ ਅਕਾਲੀ ਦਲ (ਬਾਦਲ) ਵੱਲੋਂ ਢੀਂਡਸਾ ਨੂੰ ਸਿਆਸੀ ਤੌਰ ’ਤੇ ਖੂੰਜੇ ਲਾਉਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ ,ਜਿਸ ਕਾਰਨ ਚੋਣਾਂ ’ਚ ਪਾਰਟੀ ਨੂੰ ਜ਼ਿਆਦਾ ਨੁਕਸਾਨ ਨਾ ਪਹੁੰਚੇ ਇਸ ਦੇ ਕਾਰਨ ਬਾਦਲ ਦਲ ਵੱਲੋਂ ਹਲਕਾ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਉਸ ਦੇ ਹਲਕੇ ਲਹਿਰਾ ’ਚ ਘੇਰ ਕੇ ਰੱਖਣ ਦੀ ਤਿਆਰੀ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿਤੀ ਹੈ ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਮੋਰਚਾਬੰਦੀ, ਚੋਣਾਂ ਤੋਂ ਪਹਿਲਾਂ ਚੁੱਕਿਆ ਇਹ ਵੱਡਾ ਕਦਮ

ਢੀਂਡਸਾ ਦੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਕਾਫਲੇ ਦੇ ਆਧਾਰ ਤੋਂ ਚਿੰਤਤ ਅਕਾਲੀ ਦਲ ਨੇ ਅਜੇ ਤੱਕ ਲਹਿਰਾ ਹਲਕੇ ’ਚ ਕਿਸੇ ਨੂੰ ਹਲਕਾ ਇੰਚਾਰਜ ਨਿਯੁਕਤ ਨਹੀਂ ਕੀਤਾ ਨਾ ਹੀ ਕਿਸੇ ਨੂੰ ਕੋਈ ਜ਼ਿੰਮੇਵਾਰੀ ਹੀ ਸੌਂਪੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪਾਰਟੀ ਹਲਕੇ ’ਚ ਵੱਡੇ ਕੱਦ ਵਾਰ ਨੇਤਾ ਨੂੰ ਚੋਣ ਮੈਦਾਨ ’ਚ ਉਤਾਰੇਗੀ । ਹਲਕੇ ’ਚ ਵੱਖ-ਵੱਖ ਪਾਰਟੀਆਂ ਖ਼ਾਸ ਕਰ ਕੇ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ, ਉਕਤ ਮਾਮਲੇ ’ਤੇ ਜਦੋਂ ਤਹਕੀਕਾਤ ਕੀਤੀ ਗਈ ਅਤੇ ਪਾਰਟੀ ਦੇ ਭਰੋਸੇਯੋਗ ਸੂਤਰਾਂ ਨਾਲ ਸੰਪਰਕ ਕੀਤਾ ਤਾਂ ਇਕ ਗੱਲ ਸਾਹਮਣੇ ਆਈ ਕਿ ਵਿਧਾਨ ਸਭਾ ਚੋਣਾਂ ’ਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਹਿਰਾ ਹਲਕੇ ਤੋਂ ਵੀ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਸਕਦੇ ਹਨ। ਅਜਿਹਾ ਸੰਕੇਤ ਉਹ ਹਲਕੇ ਤੇ ਜ਼ਿਲ੍ਹੇ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਹੋਈ ਮੀਟਿੰਗ ’ਚ ਵੀ ਦੇ ਚੁੱਕੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੱਥ ਬੰਨ੍ਹ ਕੇ ਕੈਪਟਨ ਕੋਲੋਂ ਮਦਦ ਮੰਗਣ ਵਾਲੇ ਲੁਧਿਆਣਾ ਦੇ ਡੀ. ਐੱਸ. ਪੀ. ਦੀ ਮੌਤ

ਦੂਜੇ ਪਾਸੇ ਪਾਰਟੀ ਦੇ ਤੇਜ਼ ਤਰਾਰ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਵੀ ਹਲਕੇ ਤੋਂ ਚੋਣ ਲੜਨ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ ਅਤੇ ਪ੍ਰੋ. ਚੰਦੂਮਾਜਰਾ ਨੂੰ ਲਹਿਰਾ ਹਲਕੇ ਤੋਂ ਉਮੀਦਵਾਰ ਬਣਾਉਣ ਸਬੰਧੀ ਸੋਸ਼ਲ ਮੀਡੀਆ ’ਤੇ ਵੀ ਮੰਗ ਉਠਾਈ ਜਾ ਰਹੀ ਹੈ  ਕਿਉਂਕਿ ਹਲਕੇ ’ਚ ਜ਼ਿਆਦਾਤਰ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਸੰਪਰਕ ਹੁਣ ਢੀਂਡਸਾ ਤੋਂ ਬਾਅਦ ਪ੍ਰੋ. ਚੰਦੂਮਾਜਰਾ ਨਾਲ ਹੀ ਹੈ ਅਤੇ ਪ੍ਰੋ. ਚੰਦੂਮਾਜਰਾ ਦੀ ਹਲਕੇ ’ਚ ਵੋਟਰਾਂ ’ਤੇ ਮਜ਼ਬੂਤ ਪਕੜ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਭ ਮੌਕੇ ’ਤੇ ਹੀ ਹੋਵੇਗਾ ਤਾਂ ਜੋ ਪਾਰਟੀ ’ਚ ਕਿਸੇ ਕਿਸਮ ਦੀ ਕੋਈ ਗੁੱਟਬੰਦੀ ਨਾ ਹੋਵੇ ਅਤੇ ਹਲਕੇ ਨਾਲ ਸਬੰਧਤ ਟਿਕਟ ਦੇ ਚਾਹਵਾਨ ਆਗੂ ਪਾਰਟੀ ਤੋਂ ਬੇਮੁੱਖ ਨਾ ਹੋਣ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਚੱਲ ਰਹੇ ਕਲੇਸ਼ ਦਰਮਿਆਨ ਸੁਖਪਾਲ ਖਹਿਰਾ ਦਾ ਵੱਡਾ ਬਿਆਨ

ਜੇਕਰ ਹਲਕੇ ਦੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦੇ ਇਕ ਸੀਨੀਅਰ ਆਗੂ ਦੇ ਅਫਸਰ ਬੇਟੇ ਦੇ ਚੋਣ ਲੜਨ ਦੀਆਂ ਚਰਚਾਵਾਂ ਵੀ ਜ਼ੋਰਾਂ ’ਤੇ ਹਨ । ਜੇਕਰ ਪਾਰਟੀ ਵੱਲੋਂ ਕਿਸੇ ਜਾਤੀ ਆਧਾਰਿਤ ਰਾਜਨੀਤੀ ਦਾ ਪੱਤਾ ਖੇਡਿਆ ਗਿਆ ਤਾਂ ਹਿੰਦੂ ਕੋਟੇ ’ਚੋਂ ਹਲਕੇ ਨਾਲ ਸਬੰਧਤ ਪਾਰਟੀ ਦੀ ਪੀ. ਏ. ਸੀ. ਦੇ ਮੈਂਬਰ ਸੱਤਪਾਲ ਸਿੰਗਲਾ ਦਾ ਦਾਅ ਵੀ ਲੱਗ ਸਕਦਾ ਹੈ । ਉਮੀਦਵਾਰ ਬੇਸ਼ੱਕ ਕੋਈ ਵੀ ਹੋਵੇ ਪਰ ਹਲਕੇ ’ਚ ਢੀਂਡਸਾ ਦੇ ਮਜ਼ਬੂਤ ਵੋਟ ਬੈਂਕ ਨੂੰ ਤੋੜਨਾ ਸੁਖਾਲੀ ਗੱਲ ਨਹੀਂ ਹੋਵੇਗੀ। ਵੱਖ-ਵੱਖ ਪਾਰਟੀਆਂ ਕਾਂਗਰਸ ,ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਵੀ ਅਕਾਲੀ ਦਲ (ਬਾਦਲ) ਦੇ ਸੰਭਾਵੀ ਉਮੀਦਵਾਰ ਬਾਰੇ ਆਪੋ-ਆਪਣੇ ਗੁਪਤ ਤਰੀਕਿਆਂ ਨਾਲ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਅਕਾਲੀ ਦਲ (ਬਾਦਲ) ਕਿਸ ਨੂੰ ਚੋਣ ਮੈਦਾਨ ’ਚ ਉਤਾਰੇਗਾ ? ਫਿਲਹਾਲ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ , ਇਹ ਤਾਂ ਸਮਾਂ ਹੀ ਦੱਸੇਗਾ ਕਿ ਸਰਦਾਰ ਢੀਂਡਸਾ ਦੇ ਮੁਕਾਬਲੇ (ਬਾਦਲ) ਦਲ ਵੱਲੋਂ ਕਿਸ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਂਦਾ ਹੈ ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਫਿਰ ਲੱਗੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਵਾਲੇ ਪੋਸਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News