ਜਲੰਧਰ: ਅਕਾਲੀ ਦਲ ਦੇ ਕੁਲਦੀਪ ਸਿੰਘ ਲੁਬਾਣਾ ਨੂੰ ਨਾਰਥ ਤੋਂ ਅਚਾਨਕ ਮਿਲੀ ਬਸਪਾ ਦੀ ਟਿਕਟ
Saturday, Dec 11, 2021 - 05:08 PM (IST)
ਜਲੰਧਰ— ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ। ਵਿਧਾਨ ਸਭਾ ਹਲਕਾ ਨਾਰਥ ਦੀ ਸੀਟ ’ਤੇ ਸਥਿਤੀ ਮਜ਼ਬੂਤ ਕਰਨ ਲਈ ਬਸਪਾ ਦੇ ਟਾਵਰ ਇਨਕਲੇਵ ਸਥਿਤ ਪ੍ਰਦੇਸ਼ ਭਵਨ ’ਚ ਪਹਿਲਾਂ ਅਕਾਲੀ ਦਲ ਦੇ ਆਗੂ ਟਰਾਂਸਪੋਰਟਰ ਕੁਲਦੀਪ ਸਿੰਘ ਲੁਬਾਣਾ ਨੂੰ ਬਸਪਾ ਨੇ ਮੈਂਬਰਸ਼ਿਪ ਦਿੱਤੀ ਅਤੇ ਨਾਲ ਹੀ ਉਮੀਦਵਾਰ ਐਲਾਨ ਦਿੱਤਾ। ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ ਲੁਬਾਣਾ ਵਾਰਡ-5 ਤੋਂ ਅਕਾਲੀ ਦਲ ਕੌਂਸਲਰ ਹਨ। ਟਿਕਟ ਸਬੰਧੀ ਚਿੱਠੀ ਪੰਜਾਬ ਪ੍ਰੈਸੀਡੈਂਟ ਜਸਵੀਰ ਸਿੰਘ ਗੜੀ, ਸੂਬਾ ਅਤੇ ਹਲਕਾ ਇੰਚਾਰਜ ਇੰਜੀਨੀਅਰ ਜਸਵੰਤ ਕੌਰ ਦੀ ਹਾਜ਼ਰੀ ’ਚ ਦਿੱਤੀ ਗਈ ਹੈ। ਦਰਅਸਲ ਹਲਕਾ ਜਨਰਲ ਹੈ ਜਦਕਿ ਬਸਪਾ ਦੇ ਕੋਲ ਜਨਰਲ ਕੈਟਾਗਿਰੀ ਦਾ ਚਿਹਰਾ ਨਹੀਂ ਸੀ। ਇਸ ਇਲਾਕੇ ’ਚ ਭਾਜਪਾ ਤੋਂ ਕੇ. ਡੀ. ਭੰਡਾਰੀ ਸੰਭਾਵੀ ਉਮੀਦਵਾਰ ਹਨ ਜਦਕਿ ਸਾਬਕਾ ਮੇਅਰ ਰਾਕੇਸ਼ ਰਾਠੌਰ ਵੀ ਟਿਕਟ ਲਈ ਸਰਗਰਮ ਹਨ। ਕਾਂਗਰਸ ਤੋਂ ਮੌਜੂਦਾ ਵਿਧਾਇਕ ਬਾਵਾ ਦੇ ਹੀ ਚੋਣਾਂ ਲੜਨ ਦੀ ਸੰਭਾਵਨਾ ਹੈ। ਬਾਵਾ ਹੈਨਰੀ ਬਗਾਵਤ ਦੇ ਸਮੇਂ ਜਲੰਧਰ ’ਚ ਨਵਜੋਤ ਸਿੰਘ ਸਿੱਧੂ ਦੇ ਪਹਿਲੇ ਸਾਥੀ ਬਣੇ। ਇਸ ਲਈ ਉਨ੍ਹਾਂ ਨੂੰ ਪਾਰਟੀ ਨਹੀਂ ਬਦਲੇਗੀ।
ਇਹ ਵੀ ਪੜ੍ਹੋ: ਪੰਜਾਬ ’ਚ ਦਿੱਲੀ ਦੇ ਮੁਕਾਬਲੇ ਸਿਹਤ ਸਹੂਲਤਾਂ ਬਿਹਤਰ, ‘ਆਪ’ ਨੂੰ ਬਹਿਸ ਦੀ ਚੁਣੌਤੀ : ਓ. ਪੀ. ਸੋਨੀ
ਇਥੇ ਇਹ ਵੀ ਦੱਸਣਯੋਗ ਹੈ ਕਿ ਨਾਰਥ ਹਲਕੇ ’ਚ ਹੁਣ ਤੱਕ ਕਾਂਗਰਸ 6 ਵਾਰ, ਭਾਜਪਾ 3 ਵਾਰ, ਜੇ. ਐੱਨ. ਪੀ. ਅਤੇ ਬੀ. ਜੇ. ਐੱਸ. 1-1 ਵਾਰ ਜਿੱਤ ਚੁੱਕੀ ਹੈ। 1967 ਤੋਂ ਲੈ ਕੇ 11 ਵਾਰ ਚੋਣਾਂ ਹੋਈਆਂ ਪਰ ਬਸਪਾ ਕਦੇ ਨਹੀਂ ਜਿੱਤੀ। ਅਕਾਲੀ-ਭਾਜਪਾ ਤੋਂ ਕੇ. ਡੀ. ਭੰਡਾਰੀ ਦੋ ਵਾਰ ਜਿੱਤੇ। ਬਸਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਯਾਦਵ ਮੁਤਾਬਕ ਕੁਲਦੀਪ ਸਿੰਘ ਲੁਬਾਣਾ ਪਹਿਲਾਂ ਬਸਪਾ ਦੇ ਮੈਂਬਰ ਬਣੇ ਫਿਰ ਟਿਕਟ ਦਿੱਤੀ ਗਈ। ਹਾਈਕਮਾਨ ਦਾ ਫ਼ੈਸਲਾ ਸੀ ਕਿ ਖੇਤਰ ਜਨਰਲ ਕੈਟੇਗਿਰੀ ’ਚ ਹੈ ਤਾਂ ਜਨਰਲ ਨੇਤਾ ਨੂੰ ਚੋਣਾਂ ਲੜਾਉਣਗੇ।
2017 ’ਚ ਵੋਟ ਫ਼ੀਸਦੀ
ਅਵਤਾਰ ਹੈਨਰੀ (ਕਾਂਗਰਸ)- 69715 (56 ਫ਼ੀਸਦੀ)
ਕੇਡੀ ਭੰਡਾਰੀ (ਅਕਾਲੀ-ਭਾਜਪਾ)- 37424 (30.6 ਫ਼ੀਸਦੀ)
ਗੁਲਸ਼ਨ ਸ਼ਰਮਾ (ਆਪ) -13386 (10.75 ਫ਼ੀਸਦੀ)
ਹਰਦੁਆਰੀ ਲਾਲ (ਬਸਪਾ)- 1506 (1.21 ਫ਼ੀਸਦੀ)
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਬਸਪਾ ਕੋਟੇ ਤੋਂ ਹੋਵੇਗਾ ਇਕ ਡਿਪਟੀ ਸੀ.ਐੱਮ.
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ