ਨਾਭਾ ''ਚ ਥਾਣੇਦਾਰ ਦੀ ਵਰਦੀ ਪਾੜ ਕੀਤੀ ਕੁੱਟਮਾਰ, ਸਰਪੰਚ ਬੀਬੀ ਸਣੇ 7 ਗ੍ਰਿਫ਼ਤਾਰ

Tuesday, Jun 01, 2021 - 04:23 PM (IST)

ਨਾਭਾ (ਜੈਨ) : ਇੱਥੇ ਇਕ ਥਾਣੇਦਾਰ ਦੀ ਵਰਦੀ ਨੂੰ ਹੱਥ ਪਾ ਕੇ ਕੁੱਟਮਾਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸ਼ਹਿਰ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੈ। ਲੋਕਾਂ ਨੂੰ ਸੁਰੱਖਿਆ ਦੇਣ ਵਾਲੇ ਖ਼ੁਦ ਹੀ ਅਸੁਰੱਖਿਅਤ ਹਨ ਤਾਂ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ? ਇੱਥੇ ਜ਼ਬਰ ਜ਼ੁਲਮ ਵਿਰੋਧੀ ਫਰੰਟ ਦੇ ਸੂਬਾਈ ਪ੍ਰਧਾਨ ਰਾਜ ਸਿੰਘ ਟੋਡਰਵਾਲ ਤੇ ਮਹਿਲਾ ਦਲਿਤ ਸਰਪੰਚ ਭਿੰਦਰ ਕੌਰ ਦੀ ਅਗਵਾਈ ਹੇਠ ਪਿਛਲੇ 7-8 ਦਿਨਾਂ ਤੋਂ ਧਰਨਾ ਚੱਲ ਰਿਹਾ ਸੀ ਕਿ ਉਨ੍ਹਾਂ ਦੀ ਪੁਲਸ ਨਾਲ ਝੜਪ ਹੋ ਗਈ। ਇਹ ਲੋਕ ਦਲਿਤਾਂ ’ਤੇ ਅੱਤਿਆਚਾਰ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਹੋਸ਼ ਗੁਆ ਬੈਠੇ, ਜਿਸ ਕਾਰਨ ਇਨ੍ਹਾਂ ਨੂੰ ਸਲਾਖ਼ਾਂ ਪਿੱਛੇ ਜਾਣਾ ਪੈ ਗਿਆ। ਪੁਲਸ ਚੌਂਕੀ ਦੰਦਰਾਲਾ ਢੀਂਡਸਾ ਦੇ ਇੰਚਾਰਜ ਤੇ ਸਬ ਇੰਸਪੈਕਟਰ ਪੁਲਸ ਹਰਭਜਨ ਸਿੰਘ ਅਨੁਸਾਰ ਰਾਜ ਸਿੰਘ ਟੋਡਰਵਾਲ ਨੇ ਆਪਣੇ ਸਾਥੀਆਂ ਸਮੇਤ ਡੀ. ਐਸ. ਪੀ. ਦੀ ਗੱਡੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੀ. ਐਸ. ਪੀ. ਨੇ ਉਨ੍ਹਾਂ ਨੂੰ ਗੱਲਬਾਤ ਲਈ ਆਪਣੇ ਦਫ਼ਤਰ ਵਿਚ ਬੁਲਾ ਲਿਆ, ਜਿੱਥੇ ਗੱਲਬਾਤ ਦੌਰਾਨ ਰਾਜ ਸਿੰਘ ਟੋਡਰਵਾਲ ਤੇ ਹੋਰਨਾਂ ਨੇ ਕਿਸੇ ਤਿੱਖੀ ਚੀਜ਼ ਨਾਲ ਮੇਰੀ ਵਰਦੀ ਪਾੜ ਦਿੱਤੀ ਤੇ ਮੰਦੀ ਭਾਸ਼ਾ ਦਾ ਇਸਤੇਮਾਲ ਕੀਤਾ।

ਇਹ ਵੀ ਪੜ੍ਹੋ : ਨਾਰਾਜ਼ ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਕੈਪਟਨ ਨੇ ਸੁੱਟਿਆ ਨਵਾਂ ਪਾਸਾ, ਇਨ੍ਹਾਂ ਕੰਮਾਂ ਨੂੰ ਦਿੱਤੀ ਹਰੀ ਝੰਡੀ

ਮੇਰੇ ਮੁਲਾਜ਼ਮਾਂ ਨੇ ਮੈਨੂੰ ਸਿਵਲ ਹਸਪਤਾਲ ਅਮਰਜੈਂਸੀ ਵਿਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਦਫ਼ਤਰ ਵਿਚ ਰਾਜ ਸਿੰਘ ਟੋਡਰਵਾਲ, ਸਰਪੰਚ ਭਿੰਦਰ ਕੌਰ ਤੇ ਹੋਰਨਾਂ ਨਾਲ ਗੱਲਬਾਤ ਚੱਲ ਰਹੀ ਸੀ। ਇਸ ਮੌਕੇ ਭਾਦਸੋਂ ਥਾਣਾ ਦੇ ਐਸ. ਐਚ. ਓ. ਤੇ ਚੌਂਕੀ ਇੰਚਾਰਜ ਹਾਜ਼ਰ ਸਨ। ਰਾਜ ਸਿੰਘ ਟੋਡਰਵਾਲ ਆਦਿ ਨੇ ਥਾਣੇਦਾਰ ਦੀ ਵਰਦੀ ਨੂੰ ਦਫ਼ਤਰ ਵਿਚ ਹੱਥ ਪਾਇਆ ਅਤੇ ਐਸ. ਐਚ. ਓ. ਨਾਲ ਮਾੜਾ ਵਰਤਾਓ ਕੀਤਾ, ਜਿਸ ’ਤੇ ਕੋਤਵਾਲੀ ਪੁਲਸ ਨੇ ਸਬ ਇੰਸਪੈਕਟਰ ਹਰਭਜਨ ਸਿੰਘ ਦੇ ਬਿਆਨਾਂ ਅਨੁਸਾਰ ਰਾਜ ਸਿੰਘ ਟੋਡਰਵਾਲ ਪੁੱਤਰ ਈਸ਼ਰ ਸਿੰਘ, ਮਹਿਲਾ ਸਰਪੰਚ ਭਿੰਦਰ ਕੌਰ, ਸਮਸ਼ੇਰ ਸਿੰਘ ਪੁੱਤਰ ਸੁਰਜਨ ਸਿੰਘ ਟੋਡਰਵਾਲ, ਤਰਸੇਮ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਧੂਰੀ, ਨਿਰਮਲ ਸਿੰਘ ਪੁੱਤਰ ਜਸਵੰਤ ਸਿੰਘ (ਨੰਗਲ), ਜੁਗਿੰਦਰ ਸਿੰਘ ਪੁੱਤਰ ਨਸੀਬ ਸਿੰਘ ਧੂਰੀ, ਅਮਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਟੋਡਰਵਾਲ, ਅਮ੍ਰਿਤ ਸਿੰਘ ਸਮੇਤ 20/25 ਹੋਰ ਵਿਅਕਤੀਆਂ ਖ਼ਿਲਾਫ਼ ਧਾਰਾ 353, 186, 332, 188, 148, 149 ਆਈ. ਪੀ. ਸੀ. ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਨਵੀਂ ਆਫ਼ਤ : ਲੁਧਿਆਣਾ 'ਚ ਬਲੈਕ ਮਗਰੋਂ ਆਈ ਹੁਣ Aspergillosis ਫੰਗਸ, ਜਾਣੋ ਕੀ ਨੇ ਲੱਛਣ

ਡੀ. ਐਸ. ਪੀ. ਅਨੁਸਾਰ ਰਾਜ ਸਿੰਘ ਟੋਡਰਵਾਲ ਤੇ ਉਸ ਦੀ ਪਤਨੀ ਭਿੰਦਰ ਕੌਰ ਸਰਪੰਚ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਕੋਰੋਨਾ ਟੈਸਟ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਸਿੰਘ ਟੋਡਰਵਾਲ ਖ਼ਿਲਾਫ਼ ਪਹਿਲਾਂ ਵੀ ਕਈ ਪੁਲਸ ਮਾਮਲੇ ਦਰਜ ਹਨ। ਦੂਜੇ ਪਾਸੇ ਰਾਜ ਸਿੰਘ ਟੋਡਰਵਾਲ ਨੇ ਸਾਰੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੰਬੇ ਅਰਸੇ ਤੋਂ ਦਲਿਤਾਂ ’ਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਅਸੀਂ ਆਵਾਜ਼ ਬੁਲੰਦ ਕਰਦੇ ਆ ਰਹੇ ਹਾਂ, ਜਿਸ ਕਰਕੇ ਸਾਨੂੰ ਟਾਰਚਰ ਕੀਤਾ ਜਾ ਰਿਹਾ ਹੈ। ਨਾਭਾ ਕੋਤਵਾਲੀ ਦੇ ਐਸ. ਐਚ. ਓ. ਅਨੁਸਾਰ ਅਮ੍ਰਿਤ ਸਿੰਘ ਤੇ ਹੋਰਨਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਜਾਰੀ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News