ਵਿਜੀਲੈਂਸ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ASI ਗ੍ਰਿਫ਼ਤਾਰ

Friday, Jul 21, 2023 - 05:29 PM (IST)

ਵਿਜੀਲੈਂਸ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ASI ਗ੍ਰਿਫ਼ਤਾਰ

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਜ਼ਿਲ੍ਹੇ ਦੇ ਥਾਣਾ ਪਤਾਰਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ. ਐੱਸ. ਆਈ.) ਰਾਮ ਪ੍ਰਕਾਸ਼ ਨੂੰ 30,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਏ. ਐੱਸ. ਆਈ ਨੂੰ ਜਸਵੀਰ ਸਿੰਘ ਜੱਜ ਵਾਸੀ ਗੁਰੂ ਨਾਨਕ ਨਗਰ ਪਿੰਡ ਕਾਕੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਵੀਰ ਸਿੰਘ ਪਿੰਡ ਕੰਗਣੀਵਾਲ ਵਿਖੇ ਡੇਅਰੀ ਫਾਰਮ ਚਲਾਉਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ 13 ਮਈ, 2022 ਨੂੰ ਥਾਣਾ ਪਤਾਰਾ ਵਿਖੇ ਗੁਰਪ੍ਰੀਤ ਸਿੰਘ ਅਤੇ ਹੋਰਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 323, 341, 149 ਅਧੀਨ ਕੇਸ ਦਰਜ ਕਰਵਾਇਆ ਸੀ ਅਤੇ ਇਸ ਮਾਮਲੇ ਵਿੱਚ ਸਮਝੌਤਾ ਕਰਨ ਲਈ ਦੂਜੀ ਧਿਰ ਵੱਲੋਂ ਉਸ ‘ਤੇ ਦਬਾਅ ਪਾਇਆ ਜਾ ਰਿਹਾ ਸੀ। ਉਸਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦਾ ਭਰਾ ਅਮਨਪ੍ਰੀਤ ਸਿੰਘ 27-09-2022 ਨੂੰ ਉਸਦੇ ਡੇਅਰੀ ਫਾਰਮ ‘ਤੇ ਆਏ ਅਤੇ ਉਸਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਾਅਦ ਗੁਰਪ੍ਰੀਤ ਸਿੰਘ ਨੇ ਉਸ (ਜਸਵੀਰ ਸਿੰਘ) ਅਤੇ ਉਸ ਦੇ ਲੜਕੇ ਜਸਤੇਜ ਸਿੰਘ ਵਿਰੁੱਧ ਥਾਣਾ ਪਤਾਰਾ ਵਿਖੇ ਆਈ. ਪੀ. ਸੀ. ਦੀ ਧਾਰਾ 323, 324, 326, 506, 148, 149 ਅਧੀਨ ਫਰਜ਼ੀ ਐੱਫ. ਆਈ. ਆਰ. ਨੰਬਰ 78 ਮਿਤੀ 5-10-2022 ਦਰਜ ਕਰਵਾ ਦਿੱਤੀ।

ਇਹ ਵੀ ਪੜ੍ਹੋ : ਕਾਂਗਰਸ ਤੇ ‘ਆਪ’ ਦੇ ਅਲਾਇੰਸ ਪਾਰਟਨਰ ਬਣਨ ਨਾਲ ਭੰਬਲਭੂਸੇ ’ਚ ਪਏ ਕਾਂਗਰਸੀ ਵਰਕਰ

ਸ਼ਿਕਾਇਤਕਰਤਾ ਦੇ ਪਿਤਾ ਕਰਨੈਲ ਸਿੰਘ ਨੇ ਆਪਣੇ ਪੋਤੇ ਜਸਤੇਜ ਸਿੰਘ ਵਿਰੁੱਧ ਦਰਜ ਕੀਤੇ ਗਏ ਫਰਜ਼ੀ ਕੇਸ ਵਿਰੁੱਧ ਐੱਸ. ਐੱਸ. ਪੀ. ਜਲੰਧਰ (ਦਿਹਾਤੀ) ਅਤੇ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਦੇ ਦਫ਼ਤਰ ਵਿੱਚ ਦਰਖਾਸਤ ਦਿੱਤੀ ਕਿਉਂਕਿ ਉਸਦਾ ਪੋਤਾ 27-09-2022 ਨੂੰ ਕਾਲਜ ਗਿਆ ਹੋਇਆ ਸੀ। ਇਸ ਦਰਖ਼ਾਸਤ 'ਤੇ ਏ. ਐੱਸ. ਆਈ. ਰਾਮ ਪ੍ਰਕਾਸ਼ ਨੂੰ ਐੱਫ. ਆਈ. ਆਰ. ਨੰਬਰ 78 ਮਿਤੀ 5-10-2022 ਦੀ ਤਫ਼ਤੀਸ਼ ਸੌਂਪੀ ਗਈ। ਮੁਲਜ਼ਮ ਏ. ਐੱਸ. ਆਈ. ਨੇ ਐੱਫ. ਆਈ. ਆਰ. ਵਿੱਚੋਂ ਜਸਤੇਜ ਦਾ ਨਾਮ ਕੱਢਣ ਲਈ 2 ਲੱਖ ਰੁਪਏ ਦੀ ਮੰਗ ਕੀਤੀ ਪਰ ਵਾਰ-ਵਾਰ ਬੇਨਤੀ ਕਰਨ ’ਤੇ ਉਹ 30,000 ਰੁਪਏ ਲੈਣ ਲਈ ਮੰਨ ਗਿਆ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਟਰੈਪ ਲਗਾ ਕੇ ਮੁਲਜ਼ਮ ਏ. ਐੱਸ. ਆਈ. ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ’ਤੇ ਕਾਬੂ ਕਰ ਲਿਆ। ਇਸ ਸਬੰਧੀ ਮੁਲਜ਼ਮ ਏ. ਐੱਸ. ਆਈ. ਰਾਮ ਪ੍ਰਕਾਸ਼ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਵਿਖੇ ਐੱਫ. ਆਈ. ਆਰ ਨੰ. 17 ਮਿਤੀ 20-07-2023 ਅਧੀਨ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹੜ੍ਹਾਂ ਤੋਂ ਬਾਅਦ ਪਟਿਆਲਾ ਵਾਸੀਆਂ ਲਈ ਨਵੀਂ ਮੁਸੀਬਤ, ਸਿਹਤ ਵਿਭਾਗ ਨੇ ਦਿੱਤੀ ਚਿਤਾਵਨੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News