ਤਰਨਤਾਰਨ : ਨਾਕੇ ''ਤੇ ਮਾਮੂਲੀ ਤਕਰਾਰ ਤੋਂ ਬਾਅਦ ਏ. ਐੱਸ. ਆਈ. ''ਤੇ ਹਮਲਾ
Saturday, May 02, 2020 - 06:36 PM (IST)
ਤਰਨਤਾਰਨ (ਰਮਨ, ਬੱਬੂ, ਰਜੀਵ)- ਜ਼ਿਲਾ ਤਰਨਤਾਰਨ ਦੇ ਸਰਹੱਦੀ ਥਾਣਾ ਖਾਲੜਾ ਅਧੀਨ ਆਉਂਦੇ ਨਾਰਲੀ ਚੌਕ ਵਿਖੇ ਅੱਜ ਇਕ ਪੁਲਸ ਨਾਕੇ 'ਤੇ ਤਾਇਨਾਤ ਏ.ਐੱਸ.ਆਈ ਅਤੇ ਪਿੰਡ ਨਾਰਲੀ ਦੇ ਦੋ ਨੌਜਵਾਨਾਂ ਵਿਚਕਾਰ ਮਾਮੂਲੀ ਗੱਲ ਨੂੰ ਲੈ ਤਕਰਾਰ ਹੋ ਗਿਆ। ਇਹ ਤਕਰਾਰ ਇੰਨਾ ਜ਼ਿਆਦਾ ਵੱਧ ਗਈ ਕਿ ਦੋਵੇਂ ਨੌਜਵਾਨ ਏ.ਐੱਸ.ਆਈ. ਨਾਲ ਹੱਥੋਪਾਈ ਹੋ ਗਏ। ਇਸ ਦੌਰਾਨ ਏ. ਐੱਸ. ਆਈ. ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਇਸ ਦੌਰਾਨ ਏ. ਐੱਸ. ਆਈ. ਦੀ ਪੱਗੜੀ ਵੀ ਉੱਤਰ ਗਈ, ਜਿਸ ਨੂੰ ਆਸ ਪਾਸ ਦੇ ਲੋਕਾਂ ਵੱਲੋਂ ਸ਼ਰੇਆਮ ਵੇਖਿਆ ਗਿਆ।
ਪਤਾ ਲੱਗਾ ਹੈ ਕਿ ਇਸ ਨਾਕੇ ਉੱਪਰ ਤਾਇਨਾਤ ਏ.ਐਸ.ਆਈ. ਵੱਲੋਂ ਦੋਵਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕਣ ਦੌਰਾਨ ਹੋਈ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਏ.ਐੱਸ.ਆਈ ਵੱਲੋਂ ਸਿੱਖ ਨੌਜਵਾਨ ਦੀ ਦਾੜ੍ਹੀ ਪੁੱਟੀ ਗਈ ਜਿਸ ਤੋਂ ਬਾਅਦ ਸਿੱਖ ਨੌਜਵਾਨ ਨੇ ਹਮਲਾ ਕਰ ਦਿੱਤਾ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਭਿੱਖੀਵਿੰਡ ਰਾਜਬੀਰ ਸਿੰਘ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ।
ਇਸ ਸਬੰਧੀ ਐੱਸ. ਐੱਸ. ਪੀ. ਧਰੁਵ ਦਹੀਆ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਰਹੇ ਹਨ ਅਤੇ ਫ਼ਰਾਰ ਹੋਏ ਮੁਲਜ਼ਮਾਂ ਦੀ ਭਾਲ ਕਰਦੇ ਹੋਏ ਜਲਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣਗੇ ।