ਕਿਸਾਨਾਂ ਦੇ ਤਿੱਖੇ ਵਿਰੋਧ ਕਾਰਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਨਵਾਂਸ਼ਹਿਰ ਦੌਰਾ ਰੱਦ
Monday, Feb 08, 2021 - 06:30 PM (IST)
ਨਵਾਂਸ਼ਹਿਰ (ਮਨੋਰੰਜਨ,ਤ੍ਰਿਪਾਠੀ) - ਅੱਜ ਨਵਾਂਸ਼ਹਿਰ ਵਿਖੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਆਮਦ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਉੱਤੇ ਪੁਲਸ ਵਲੋਂ ਕੀਤੇ ਗਏ ਹਲਕੇ ਬਲ ਪ੍ਰਯੋਗ ਨਾਲ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈਸ ਸਕੱਤਰ ਬੂਟਾ ਸਿੰਘ ਸਮੇਤ ਚਾਰ ਵਿਅਕਤੀ ਫੱਟੜ ਹੋ ਗਏ। ਇਸਦੇ ਬਾਵਜੂਦ ਕਿਸਾਨ ਉਸ ਕਮਿਊਨਿਟੀ ਹਾਲ ਦਾ ਘਿਰਾਓ ਕਰਨ ਵਿਚ ਕਾਮਯਾਬ ਹੋ ਗਏ, ਜਿਥੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਾ ਸੀ। ਕਿਸਾਨਾਂ ਦੇ ਤਿੱਖੇ ਵਿਰੋਧ ਦੀ ਭਿਣਕ ਪੈਂਦਿਆਂ ਹੀ ਭਾਜਪਾ ਪ੍ਰਧਾਨ ਨੇ ਆਪਣਾ ਨਵਾਂਸ਼ਹਿਰ ਦੌਰਾ ਰੱਦ ਕਰਨਾ ਹੀ ਬੇਹਤਰ ਸਮਝਿਆ। ਪੁਲਸ ਬੱਲਪ੍ਰਯੋਗ ਨਾਲ ਹਰਬੰਸ ਸਿੰਘ ਪੈਲੀ ਅਤੇ ਨਵਪ੍ਰੀਤ ਸਿੰਘ ਸੰਘਾ ਦੇ ਵੀ ਸੱਟਾਂ ਲੱਗੀਆਂ। ਫਿਰ ਵੀ ਕਿਸਾਨ ਪੁਲਸ ਦੇ ਚਾਰ ਨਾਕੇ ਤੋੜ ਕੇ ਕਮਿਉਨਿਟੀ ਹਾਲ ਅੱਗੇ ਪਹੁੰਚਣ ਵਿਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ : ਮੋਗਾ 'ਚ ਕਿਸਾਨਾਂ ਵਲੋਂ ਵਿਜੇ ਸਾਂਪਲਾ ਦਾ ਜ਼ੋਰਦਾਰ ਵਿਰੋਧ, ਪੁਲਸ ਨਾਲ ਹੋਈ ਝੜਪ
ਪ੍ਰਾਪਤ ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਅੱਜ ਸਵੇਰੇ ਅਸ਼ਵਨੀ ਕੁਮਾਰ ਸ਼ਰਮਾ ਦੇ ਨਵਾਂਸ਼ਹਿਰ ਆਉਣ ਬਾਰੇ ਭਿਣਕ ਪੈ ਗਈ ਸੀ ਜਿਸ ਉਪਰੰਤ ਕਿਸਾਨ ਰਿਲਾਇੰਸ ਕੰਪਨੀ ਦੇ ਨਵਾਂਸ਼ਹਿਰ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ। ਦੁਪਹਿਰ 12 ਵਜੇ ਤੋਂ ਬਾਅਦ ਕਿਸਾਨਾਂ ਨੇ ਇਥੋਂ ਚੱਲ ਕੇ ਸਥਾਨਕ ਪੰਡੋਰਾ ਮੁਹੱਲੇ ਵਾਲਾ ਕਮਿਊਨਿਟੀ ਹਾਲ ਘੇਰ ਲਿਆ। ਸੂਬਾ ਪ੍ਰਧਾਨ ਦੇ ਸਵਾਗਤ ਲਈ ਇਸ ਹਾਲ ਵਿਚ ਪਹਿਲਾਂ ਹੀ ਪਹੁੰਚੇ ਹੋਏ ਭਾਜਪਾ ਵਰਕਰਾਂ ਨੂੰ ਕਿਸਾਨਾਂ ਨੇ ਘਿਰਾਓ ਸਮਾਪਤ ਹੋਣ ਤੱਕ ਸ਼ਾਮ 5ਵਜੇ ਤੱਕ ਬਾਹਰ ਨਾ ਨਿਕਲਣ ਦਿਤਾ। ਘਿਰਾਓ ਖ਼ਤਮ ਹੋਣ ਤੋਂ ਬਾਅਦ ਹੀ ਪੁਲਸ ਨੇ ਭਾਜਪਾ ਵਰਕਰਾਂ ਨੂੰ ਬਾਹਰ ਕੱਢਿਆ। ਇਨ੍ਹਾਂ ਵਰਕਰਾਂ ਵਿਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਬਲੱਗਣ, ਸ਼ਾਮ ਸੁੰਦਰ ਜਾਡਲਾ ਭਾਜਪਾ ਆਗੂ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਅਮਰੀਕਾ ਦੀਆਂ 80 ਸਿੱਖ ਸੰਸਥਾਵਾਂ ਦਾ ਐਲਾਨ, ਅੰਦੋਲਨ ਦਾ ਵਿਰੋਧ ਕਰਨ ਵਾਲੇ ਕਲਾਕਾਰਾਂ ਤੇ ਖਿਡਾਰੀਆਂ ਦਾ ਹੋਵੇਗਾ ਵਿਰੋਧ