ਸਿੱਧੂ ਇਕ ਬੇਲਗਾਮ ਘੋੜਾ, ਜਿਸ ’ਤੇ ਕਾਠੀ ਪਾਉਣਾ ਕਾਂਗਰਸ ਹਾਈਕਮਾਨ ਦੇ ਵੱਸ ਦੀ ਗੱਲ ਨਹੀਂ : ਅਸ਼ਵਨੀ ਸ਼ਰਮਾ

Saturday, Oct 02, 2021 - 09:18 AM (IST)

ਸਿੱਧੂ ਇਕ ਬੇਲਗਾਮ ਘੋੜਾ, ਜਿਸ ’ਤੇ ਕਾਠੀ ਪਾਉਣਾ ਕਾਂਗਰਸ ਹਾਈਕਮਾਨ ਦੇ ਵੱਸ ਦੀ ਗੱਲ ਨਹੀਂ : ਅਸ਼ਵਨੀ ਸ਼ਰਮਾ

ਚੰਡੀਗੜ੍ਹ (ਰਮਨਜੀਤ) : ਭਾਰਤੀ ਜਨਤਾ ਪਾਰਟੀ ਦੀ ਵੱਧਦੀ ਲੋਕਪ੍ਰਿਯਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ-ਪੱਖੀ ਅਤੇ ਲੋਕ-ਪੱਖੀ ਨੀਤੀਆਂ ਕਾਰਨ ਭਾਜਪਾ ਪਰਿਵਾਰ ਲਗਾਤਾਰ ਵੱਧ ਰਿਹਾ ਹੈ। ਇਸ ਕੜੀ ਵਿਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਸੰਗਠਨਾਂ ਦੇ ਸੀਨੀਅਰ ਆਗੂ, ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋਏ। ਅਸ਼ਵਨੀ ਸ਼ਰਮਾ ਨੇ ਇਨ੍ਹਾਂ ਸਾਰੇ ਨੇਤਾਵਾਂ ਨੂੰ ਭਾਜਪਾ ਪਰਿਵਾਰ ਦੀ ਮੈਂਬਰਸ਼ਿਪ ਦਿਵਾਈ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ, ਬਿਕਰਮਜੀਤ ਸਿੰਘ ਚੀਮਾ, ਹਰਜੀਤ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਸ਼ਾਹਪੁਰ, ਸੰਤੋਖ ਸਿੰਘ ਗੁਮਟਾਲਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕੈਪਟਨ' ਨੇ ਆਪਣੇ ਟਵਿੱਟਰ ਤੋਂ 'ਕਾਂਗਰਸ' ਸ਼ਬਦ ਹਟਾਇਆ

ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਸਾਢੇ ਚਾਰ ਸਾਲਾਂ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਤੇ ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ਪਾਰਟੀ ਦੇ ਡੁੱਬਦੇ ਜਹਾਜ਼ ਨੂੰ ਬਚਾਉਣ ਲਈ ਇਕ ਡਰਾਮਾ ਰਚਿਆ ਅਤੇ ਇਸ ਨੂੰ ਪੰਜਾਬ ਵਿਚ ਸਿੱਧੂ ਦੇ ਰੂਪ ਵਿਚ ਮੈਦਾਨ ’ਚ ਉਤਾਰਿਆ ਪਰ ਕਾਂਗਰਸ ਹਾਈਕਮਾਂਡ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਸਿੱਧੂ ਇੱਕ ਬੇਲਗਾਮ ਘੋੜਾ ਹੈ, ਜਿਸ ਨੂੰ ਲਗਾਮ ਲਗਾਉਣੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ ਅਤੇ ਅਜਿਹਾ ਹੀ ਹੋਇਆ। ਸਿੱਧੂ ਮੁੱਖ ਮੰਤਰੀ ਨੂੰ ਆਪਣੀਆਂ ਸ਼ਰਤਾਂ ’ਤੇ ਚਲਾਉਣਾ ਚਾਹੁੰਦੇ ਹਨ, ਜੋ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, 'ਹੁਣ ਕਾਂਗਰਸ 'ਚ ਨਹੀਂ ਰਹਾਂਗਾ'

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਸ ਲੜਾਈ ਦਾ ਖਮਿਆਜ਼ਾ ਸੂਬੇ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ। ਜੀਵਨ ਗੁਪਤਾ ਨੇ ਭਾਜਪਾ ’ਚ ਸ਼ਾਮਲ ਹੋਏ ਆਗੂਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਕਿਸਾਨ ਵਿੰਗ ਜਲੰਧਰ ਸ਼ਹਿਰੀ ਸਾਹਿਬ ਸਿੰਘ ਢਿੱਲੋ (ਕਪੂਰਥਲਾ), ਰਿਟਾਇਰਡ ਕਰਨਲ ਵਿਵੇਕ ਕੁਮਾਰ ਸ਼ਰਮਾ (ਫਰੀਦਕੋਟ), ਸ੍ਰੋਮਣੀ ਅਕਾਲੀ ਦਲ ਪੰਚਾਇਤ ਯੂਨੀਅਨ ਬਲਾਕ ਜਗਰਾਓਂ ਦੇ ਪ੍ਰਧਾਨ ਅਤੇ ਪੰਚਾਇਤ ਯੂਨੀਅਨ ਦੇ ਉਪ ਪ੍ਰਧਾਨ ਲੁਧਿਆਣਾ ਅਤੇ ਲੁਧਿਆਣਾ ਦਿਹਾਤੀ ਤੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਚੇਅਰਮੈਨ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਅਤੇ ਯੂਥ ਫ਼ਾਊਂਡੇਸ਼ਨ (ਰਜਿ.) ਦੇ ਕੈਪਟਨ ਬਲੌਰਾ ਸਿੰਘ (ਜਗਰਾਓਂ), ਪੰਜਾਬ ਕਰਾਟੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਕਾਸ਼ ਸਾਹੂ (ਜਗਰਾਉਂ), ਪੰਜਾਬ ਕਰਾਟੇ ਐਸੋਸੀਏਸ਼ਨ ਦੇ ਡਾਇਰੈਕਟਰ ਦੀਪਕ ਕੁਮਾਰ (ਜਗਰਾਉਂ), ਚੰਡੀਗੜ੍ਹ ਕਰਾਟੇ ਐਸੋਸੀਏਸ਼ਨ ਦੇ ਕੋਚ ਅਤੇ ਸੰਯੁਕਤ ਸਕੱਤਰ ਹਰਬਿੰਦਰ ਸਿੰਘ (ਮੋਹਾਲੀ), ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਕੁਲਜਿੰਦਰ ਸਿੰਘ (ਪਟਿਆਲਾ), ਮਨਜੀਤ ਸਿੰਘ (ਪਟਿਆਲਾ), ਪ੍ਰਵੀਨ ਕੁਮਾਰ (ਪਟਿਆਲਾ), ਰੋਹਿਤ ਕੁਮਾਰ (ਪਟਿਆਲਾ), ਹੈਪੀ ਵਰਮਾ (ਪਟਿਆਲਾ), ਬਲਜਿੰਦਰ ਸਿੰਘ (ਪਟਿਆਲਾ), ਬਲਕਾਰ ਸਿੰਘ (ਪਟਿਆਲਾ) ਅਤੇ ਐੱਫ.ਸੀ.ਆਈ. ਜਨਰਲ ਸਟਾਫ ਯੂਨੀਅਨ ਦੇ ਆਲ ਇੰਡੀਆ ਜਨਰਲ ਸਕੱਤਰ ਮਹਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਏ ਹਨ।      
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

Babita

Content Editor

Related News