ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ, ਪੰਜਾਬ ''ਚ ਕਣਕ-ਝੋਨੇ ਦੀ ਖ਼ਰੀਦ ਮਾਮਲੇ ''ਚ ਕੀਤੀ ਇਹ ਮੰਗ

08/31/2021 8:56:31 AM

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਪੱਤਰ ਲਿਖ ਕੇ ਐੱਫ਼. ਸੀ. ਆਈ. ਵੱਲੋਂ ਪੰਜਾਬ ਵਿਚ ਝੋਨੇ ਅਤੇ ਕਣਕ ਦੀ ਖ਼ਰੀਦ ਦੇ ਮਾਮਲੇ ਵਿਚ ਸਰਕਾਰ ਨੇ ਨਵੇਂ ਨਿਰਧਾਰਿਤ ਨਿਯਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਐੱਫ਼. ਸੀ. ਆਈ. ਵੱਲੋਂ ਕਣਕ ਅਤੇ ਝੋਨੇ ਦੀ ਖ਼ਰੀਦ ਦੇ ਮਾਮਲੇ ਵਿਚ ਭਾਰਤ ਸਰਕਾਰ ਦੇ ਜਨਤਕ ਵੰਡ ਮੰਤਰਾਲਾ ਵੱਲੋਂ ਗਠਿਤ ਮਾਹਿਰਾਂ ਦੀ ਕਮੇਟੀ ਦੀ ਸਿਫਾਰਿਸ਼ ਤੇ ਕੇਂਦਰੀ ਕੰਟਰੋਲ ਪੂਲ ਲਈ ਕਣਕ, ਝੋਨੇ ਅਤੇ ਚਾਵਲ ਦੀ ਨਵੀਂ ਗੁਣਵੱਤਾ 2 ਫ਼ੀਸਦੀ ਖ਼ਰਾਬ, 2 ਫ਼ੀਸਦੀ ਰੰਗਹੀਣ, 20 ਫ਼ੀਸਦੀ ਟੁੱਟ ਅਤੇ 14 ਫ਼ੀਸਦੀ ਨਮੀ ਘੋਸ਼ਿਤ ਕੀਤੀ ਗਈ ਹੈ, ਜੋ ਕਿ ਬਿਲਕੁਲ ਗਲਤ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਸ ਛਾਉਣੀ 'ਚ ਤਬਦੀਲ ਹੋਇਆ 'ਪ੍ਰੈੱਸ ਕਲੱਬ' (ਤਸਵੀਰਾਂ)

ਸ਼ਰਮਾ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ ਤੋਂ ਉਨ੍ਹਾਂ ਦੀ ਫ਼ਸਲ ਪੁਰਾਣੀ ਗੁਣਵੱਤਾ ਦੇ ਆਧਾਰ ’ਤੇ ਹੀ ਖ਼ਰੀਦੀ ਜਾਵੇ, ਤਾਂ ਜੋ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਤੇ ਕੋਈ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਸਤੰਬਰ ਤੋਂ ਨਵੰਬਰ ਤਕ ਤਾਪਮਾਨ ਹੌਲੀ-ਹੌਲੀ ਘੱਟਦਾ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀਆਂ ਫ਼ਸਲਾਂ ’ਤੇ ਪੈਂਦਾ ਹੈ। ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਤੋਂ ਇਸ ਮਾਮਲੇ ਵਿਚ ਨਿੱਜੀ ਤੌਰ ’ਤੇ ਦਖ਼ਲ ਦੇਣ ਦੀ ਮੰਗ ਕੀਤੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਖ਼ਰੀਦ ਲਈ ਪੁਰਾਣੀ ਪ੍ਰਣਾਲੀ ਨੂੰ ਨਿਯਮਿਤ ਰੱਖਣ ਲਈ ਅਪੀਲ ਕੀਤੀ।

ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ, ਇਨ੍ਹਾਂ ਮੁਸਾਫ਼ਰਾਂ ਨੂੰ ਨਹੀਂ ਮਿਲੇਗੀ CTU ਦੀਆਂ ਬੱਸਾਂ 'ਚ ਐਂਟਰੀ

ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਰਾਈਸ ਸ਼ੈਲਰ ਮਾਲਕਾਂ ਨੇ ਵੀ ਇਹ ਸਮੱਸਿਆ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਰੱਖੀ ਸੀ, ਜਿਸ ’ਤੇ ਸੂਬਾ ਪ੍ਰਧਾਨ ਨੇ ਉਨ੍ਹਾਂ ਦੀ ਸਮੱਸਿਆ ’ਤੇ ਤੁਰੰਤ ਕਾਰਵਾਈ ਕਰਦਿਆਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਪੁਰਾਣੀ ਗੁਣਵੱਤਾ ਬਹਾਲ ਰੱਖਣ ਦੀ ਉਨ੍ਹਾਂ ਦੀ ਆਵਾਜ਼ ਕੇਂਦਰੀ ਮੰਤਰੀ ਤੱਕ ਪਹੁੰਚਾਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਘਟਨਾ, 16 ਸਾਲਾਂ ਦੇ ਮੁੰਡੇ ਨੇ ਘਰ 'ਚ ਲਿਆ ਫ਼ਾਹਾ

ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਮਕਸਦ ਕਿਸਾਨਾਂ ਅਤੇ ਵਪਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਹੈ ਅਤੇ ਭਾਜਪਾ ਇਸ ਦੇ ਟੀਚੇ ਨਾਲ ਹੀ ਅੱਗੇ ਵੱਧ ਰਹੀ ਹੈ। ਛੇਤੀ ਹੀ ਇਸ ਮਾਮਲੇ ਸਬੰਧੀ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਬੈਠਕ ਵੀ ਕੀਤੀ ਜਾਵੇਗੀ ਅਤੇ ਪੁਰਾਣੀ ਗੁਣਵੱਤਾ ਨੂੰ ਜਾਰੀ ਰੱਖਣ ਦੀ ਮੰਗ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News