ਪੰਜਾਬ ''ਚ ਖੇਤੀ ਕਾਨੂੰਨਾਂ ਦੇ ਵਿਰੋਧ ਪਿੱਛੇ ਕਿਸਾਨ ਨਹੀਂ ਕਾਂਗਰਸ ਹੈ : ਅਸ਼ਵਨੀ ਸ਼ਰਮਾ

Sunday, Oct 18, 2020 - 01:23 AM (IST)

ਲੁਧਿਆਣਾ,(ਗੁਪਤਾ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਐੱਮ. ਪੀ. ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ਨੂੰ ਅਰਾਜਕਤਾਵਾਦੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਸਬੰਧੀ ਕਾਂਗਰਸ ਪਾਰਟੀ ਤੋਂ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬਿੱਟੂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅੱਜ ਉਨ੍ਹਾਂ ਦੇ ਸ਼ਹਿਰ ਵਿਚ ਆਏ ਹੋਏ ਹਨ, ਉਹ ਉਨ੍ਹਾਂ ਨੂੰ ਦੱਸਣ ਕਿ ਉਹ ਕਿੱਥੇ ਆਉਣ। ਜੇਕਰ ਉਨ੍ਹਾਂ ਦੇ ਅਤੇ ਭਾਜਪਾ ਵਰਕਰਾਂ ਦੇ ਖੂਨ ਨਾਲ ਪੰਜਾਬ ਨੂੰ ਸ਼ਾਂਤੀ ਮਿਲਦੀ ਹੈ ਤਾਂ ਉਹ ਉਸ ਦੇ ਲਈ ਤਿਆਰ ਹਨ। ਸ਼ਨੀਵਾਰ ਨੂੰ ਇਥੇ ਐਡਵੋਕੇਟ ਬਿਕਰਮ ਸਿੱਧੂ ਨੂੰ ਭਾਜਪਾ ਵਿਚ ਸ਼ਾਮਲ ਕਰਨ ਲਈ ਹੋਏ ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਇਹ ਗੱਲ ਕਹੀ।

ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਕਿਸਾਨਾਂ ਦੇ ਸੰਘਰਸ਼ ਦੀ ਆੜ ਵਿਚ ਕਾਨੂੰਨ ਵਿਵਸਥਾ ਦੇ ਹਾਲਾਤ ਵਿਗਾੜੇ ਜਾ ਰਹੇ ਹਨ। ਤਰਨਤਾਰਨ, ਲੁਧਿਆਣਾ ਅਤੇ ਜਲੰਧਰ ਸ਼ਹਿਰ ਵਿਚ ਵਾਰਦਾਤਾਂ ਹੋ ਰਹੀਆਂ ਹਨ। ਸ਼ੌਰਿਆ ਚੱਕਰ ਜੇਤੂ ਕਾ. ਬਲਵਿੰਦਰ ਸਿੰਘ ਦੇ ਹੋਏ ਕਤਲ ਅਤੇ ਲੁਧਿਆਣਾ 'ਚ ਹੋਈ ਡਕੈਤੀ ਮਾਰਨ ਦੀ ਨਾਕਾਮ ਕੋਸ਼ਿਸ਼ ਇਸ ਗੱਲ ਦਾ ਸਬੂਤ ਹੈ। ਕਿਸਾਨ ਸੰਘਰਸ਼ ਦੀ ਆੜ 'ਚ ਜਦੋਂ ਭਾਜਪਾ ਨੇਤਾਵਾਂ 'ਤੇ ਯੂਥ ਕਾਂਗਰਸ ਦੇ ਵਰਕਰ ਹਮਲਾ ਕਰਦੇ ਹਨ ਤਾਂ ਪੁਲਸ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕਰਦੀ। ਜਦੋਂ ਰਾਜਾ ਵੜਿੰਗ ਨੂੰ ਕਿਸਾਨਾਂ ਨੇ ਘੇਰਿਆ ਤਾਂ ਕਿਸਾਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਨਵੀਂ ਕਰਵਟ 'ਤੇ ਹੈ। ਪੰਜਾਬ ਦੇ ਲੋਕ ਬਦਲ ਲੱਭ ਰਹੇ ਹਨ। ਭਾਜਪਾ ਆਪਣੇ ਜ਼ੋਰ 'ਤੇ ਪੰਜਾਬ ਵਿਚ ਅੱਜ ਕਾਂਗਰਸ ਦੇ ਜ਼ੁਲਮ ਨਾਲ ਲੋਕਾਂ ਲਈ ਲੜ ਰਹੀ ਹੈ। ਭਾਜਪਾ ਦਾ ਨਿਸ਼ਾਨਾ ਪੰਜਾਬ 'ਚ ਡਰ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੂੰ ਖਾ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਨਾਂ 'ਤੇ ਸਰਕਾਰ ਬਣਾਈ ਪਰ ਅੱਜ ਪੰਜਾਬ ਵਿਚ ਨਸ਼ੀਲੀ ਸ਼ਰਾਬ ਨਾਲ ਮੌਤਾਂ ਹੋ ਰਹੀਆਂ ਹਨ। ਮਹਾਮਾਰੀ ਵਿਚ ਕਾਂਗਰਸੀ ਪੰਜਾਬ ਵਿਚ ਅਨਾਜ ਘਪਲਾ ਕਰਦੇ ਹਨ। ਦਲਿਤਾਂ ਦੇ ਵਜ਼ੀਫੇ ਵਿਚ ਘਪਲਾ ਕਰਨ ਵਾਲੇ ਮੰਤਰੀ ਨੂੰ ਮੁੱਖ ਮੰਤਰੀ ਕਲੀਨ ਚਿੰਟ ਦਿੰਦੇ ਹਨ। ਨਕਲੀ ਬੀਜ਼ ਘਪਲੇ ਦੇ ਦੋਸ਼ੀਆਂ ਨੂੰ ਨਹੀਂ ਫੜਿਆ ਜਾ ਰਿਹਾ। ਕੈਪਟਨ ਅਮਰਿੰਦਰ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਕਿੱਥੇ ਹੈ ਰੋਜ਼ਗਾਰ ਅਤੇ ਪੈਨਸ਼ਨ।

ਅਸ਼ਵਨੀ ਸ਼ਰਮਾ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਜਾਖੜ ਬਹਿਸ ਤੋਂ ਪਹਿਲਾਂ ਦੱਸਣ ਕਿ ਕਾਂਗਰਸ ਦਾ 2019 ਦਾ ਚੋਣ ਘੋਸ਼ਣਾ ਪੱਤਰ ਕੀ ਝੂਠ ਦਾ ਪੁਲੰਦਾ ਸੀ? ਕਾਂਗਰਸ ਅੱਜ ਵਿਰੋਧੀ ਕਿਸਾਨਾਂ ਨੂੰ ਉਕਸਾ ਰਹੀ ਹੈ। ਕਾਂਗਰਸ ਨੇ ਕਦੇ ਕਿਸਾਨਾਂ ਦੀ ਚਿੰਤਾ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਜੇਕਰ ਕਿਸਾਨਾਂ ਦੇ ਹਿਤੈਸ਼ੀ ਹਨ ਤਾਂ ਉਨ੍ਹਾਂ ਦਾ 90 ਹਜ਼ਾਰ ਕਰੋੜ ਰੁਪਇਆ ਮੁਆਫ ਕਰਨ। ਇਕ ਸਵਾਲ ਦੇ ਜਵਾਬ 'ਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਨੂੰ ਵਿਰੋਧ ਕਰਨ ਦਾ ਹੱਕ ਹੈ ਪਰ ਸਾਨੂੰ ਵੀ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਵਿਰੋਧ 'ਚ ਕਿਸਾਨ ਨਹੀਂ ਅਸਲ ਵਿਚ ਕਾਂਗਰਸ ਹੈ। ਅੱਜ ਵੀ ਲੁਧਿਆਣਾ ਦੇ ਪ੍ਰੋਗਰਾਮ ਤੋਂ ਬਾਹਰ ਹੋ ਰਿਹਾ ਪ੍ਰਦਰਸ਼ਨ ਕਿਸਾਨਾਂ ਦਾ ਨਹੀਂ ਕਾਂਗਰਸੀਆਂ ਦਾ ਹੈ। ਅਸੀਂ ਕਾਂਗਰਸ ਦੀਆਂ ਸਾਜ਼ਿਸ਼ਾਂ ਤੋਂ ਡਰਨ ਵਾਲੇ ਨਹੀਂ।

 


Deepak Kumar

Content Editor

Related News