ਤਾਲਿਬਾਨੀ ਸੋਚ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸੂਝਵਾਨ ਸੋਚ ਨੇ ਨਕਾਰਿਆ : ਅਸ਼ਵਨੀ ਸੇਖੜੀ

Friday, Jan 31, 2020 - 03:12 PM (IST)

ਤਾਲਿਬਾਨੀ ਸੋਚ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸੂਝਵਾਨ ਸੋਚ ਨੇ ਨਕਾਰਿਆ : ਅਸ਼ਵਨੀ ਸੇਖੜੀ

ਬਟਾਲਾ (ਬੇਰੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ.) ਨੂੰ ਬੇਰਿੰਗ ਕ੍ਰਿਸਚੀਅਨ ਕਾਲਜ ਦੀ ਵਿਰਾਸਤੀ ਇਮਾਰਤ ਨੂੰ ਤੋੜਨ ਦੀ ਬਜਾਏ ਬਟਾਲਾ 'ਚ ਨਵੀਂ ਸੜਕ ਲਈ ਕੋਈ ਹੋਰ ਬਦਲਵਾਂ ਰਸਤਾ ਲੱਭਣ ਦੇ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ। 1 ਅਪ੍ਰੈਲ 1878 ਨੂੰ ਬੇਰਿੰਗ ਸਕੂਲ ਵਜੋਂ 140 ਸਾਲ ਪਹਿਲਾਂ ਸਥਾਪਤ ਕੀਤੇ ਗਏ ਸੰਸਥਾ ਦੇ ਖੇਡ ਮੈਦਾਨ 'ਚ ਸੜਕ ਬਣਾਉਣ ਦੇ ਪੀ. ਡਬਲਯੂ. ਡੀ ਦੇ ਫੈਸਲੇ ਸਬੰਧੀ ਵਿਦਿਆਰਥੀਆਂ ਅਤੇ ਸਥਾਨਕ ਵਸਨੀਕਾਂ ਦੇ ਵਿਰੋਧ ਦਾ ਸਖਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਵਿਰਾਸਤੀ ਇਮਾਰਤ ਨੂੰ ਕਿਸੇ ਵੀ ਤਰ੍ਹਾਂ ਵਿਗਾੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਇਮਾਰਤ, ਜਿਸ ਨੇ ਮਹਾਰਾਜਾ ਸ਼ੇਰ ਸਿੰਘ ਦੇ ਗਰਮੀਆਂ ਦੇ ਮਹਿਲ ਵਜੋਂ ਸੇਵਾ ਨਿਭਾਈ ਸੀ, ਇਕ ਸ਼ਾਨਦਾਰ ਢਾਂਚਾ ਸੀ ਅਤੇ ਇਸ ਨਾਲ ਘੱਟ ਗਿਣਤੀ ਸੰਸਥਾ ਦਹਾਕਿਆਂ ਤੋਂ ਬਹੁਤ ਸਾਰੀਆਂ ਮਹੱਤਵਪੂਰਨ ਸ਼ਖਸੀਅਤਾਂ ਨੂੰ ਜੋੜਦੀ ਆਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਹਿੱਤ 'ਚ ਕਾਲਜ ਦੇ ਖੇਡ ਮੈਦਾਨ 'ਚੋਂ ਕਿਸੇ ਵੀ ਸੜਕ ਨੂੰ ਕੱਢਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਸ ਖੇਤਰ ਦੀ ਸੇਵਾ ਲਈ ਨਵੀਂ ਸੜਕ ਬਣਾਉਣ ਦਾ ਉਦੇਸ਼ ਇਸ ਦੇ ਬਦਲਵੇਂ ਰਸਤੇ ਦੇ ਨਾਲ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।

ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ
ਮੁੱਖ ਮੰਤਰੀ ਕੈਪਟਨ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਘੱਟ ਗਿਣਤੀਆਂ ਸਮੇਤ ਸਾਰੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਜਿਹੀ ਕੋਈ ਪਹਿਲ ਨਹੀਂ ਕਰੇਗੀ ਜਿਸ ਨਾਲ ਉਨ੍ਹਾਂ ਦੇ ਹਿੱਤਾਂ ਦਾ ਨੁਕਸਾਨ ਹੋਵੇ। ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਕੀਤੀ ਕਿ ਭਵਿੱਖ 'ਚ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਮਾਰਤਾਂ ਆਦਿ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ 'ਚ ਰੱਖਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਬੁਆਏਜ਼ ਬੋਰਡਿੰਗ ਸਕੂਲ ਨੇ ਸਵ. ਮਹਾਰਾਜਾ ਸ਼ੇਰ ਸਿੰਘ ਦੇ ਮਹੱਲ, ਜਿਸ ਨੂੰ ਅਨਾਰਕਲੀ ਕਿਹਾ ਜਾਂਦਾ ਸੀ, ਵਿਚ ਕਲਾਸਾਂ ਸ਼ੁਰੂ ਕੀਤੀਆਂ ਸਨ ਅਤੇ ਰਿਕਾਰਡ ਕੀਤਾ ਇਤਿਹਾਸ ਦਰਸਾਉਂਦਾ ਹੈ ਕਿ ਪੈਲੇਸ ਹੌਲੀ-ਹੌਲੀ ਇਕ ਸਕੂਲ 'ਚ ਤਬਦੀਲ ਹੁੰਦਾ ਗਿਆ, ਜਿਸ 'ਚ ਹੋਸਟਲ, ਕਲਾਸਰੂਮ ਅਤੇ ਚੈਪਲ ਬਣਦੇ ਗਏ ਅਤੇ ਇਸ ਤਰ੍ਹਾਂ ਹੋਣ ਨਾਲ ਬਟਾਲਾ ਸ਼ਹਿਰ ਅਤੇ ਤਹਿਸੀਲ 'ਚ ਪੱਛਮੀ ਸਿੱਖਿਆ ਦੀ ਸ਼ੁਰੂਆਤ ਹੋਈ, ਜਿਸ ਨਾਲ ਸੰਸਥਾ ਦੀ ਉਸਾਰੀ ਸਿਰਫ ਬਟਾਲਾ ਲਈ ਹੀ ਨਹੀਂ ਸਗੋਂ ਪੰਜਾਬ ਲਈ ਇਕ ਮੀਲ ਪੱਥਰ ਸਾਬਿਤ ਹੋਈ।

ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ 'ਚ ਇਹ ਵੀ ਦੱਸਿਆ ਗਿਆ ਕਿ ਬੇਰਿੰਗ ਹਾਈ ਸਕੂਲ ਦੀ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ 'ਚ ਤਬਦੀਲੀ 1934-1948 ਦੌਰਾਨ ਕੀਤੀ ਗਈ ਸੀ ਅਤੇ ਇਹ ਕਾਲਜ 29 ਜੂਨ, 1944 ਨੂੰ ਅਧਿਕਾਰਤ ਤੌਰ 'ਤੇ ਹੋਂਦ 'ਚ ਆਇਆ, ਜਿਸ 'ਚ ਲਗਭਗ 75 ਵਿਦਿਆਰਥੀ ਮੁੱਖ ਤੌਰ 'ਤੇ ਹਿੰਦੂ, ਮੁਸਲਿਮ ਅਤੇ ਸਿੱਖ ਪਿਛੋਕੜ ਦੇ ਸਨ ਅਤੇ ਭਾਰਤ ਦੀ ਵੰਡ ਵੇਲੇ ਬੇਰਿੰਗ ਕਾਲਜ, ਜੋ ਉਸ ਸਮੇਂ ਪੂਰਬੀ ਪੰਜਾਬ ਦਾ ਇਕਲੌਤਾ ਕ੍ਰਿਸਚੀਅਨ ਕਾਲਜ ਸੀ, ਪੰਜਾਬ ਦੇ ਹਿੱਸੇ ਆਇਆ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫਤਰ ਵੱਲੋਂ ਜਾਰੀ ਕੀਤੇ ਪ੍ਰੈੱਸ ਰਿਲੀਜ਼ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਜਿੱਥੇ ਮੁੱਖ ਮੰਤਰੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ, ਉੱਥੇ ਨਾਲ ਹੀ ਕਿਹਾ ਕਿ ਤਾਲਿਬਾਨੀ ਸੋਚ ਨੂੰ ਮੁੱਖ ਮੰਤਰੀ ਦੀ ਸੂਝਵਾਨ ਸੋਚ ਨੇ ਨਕਾਰ ਦਿੱਤਾ ਹੈ ਅਤੇ ਇਹ ਬਟਾਲਾ ਦੀ ਜਨਤਾ, ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਐਸੋਸੀਏਸ਼ਨ, ਸਮੂਹ ਕ੍ਰਿਸਚੀਅਨ ਭਾਈਚਾਰੇ, ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਨੇ ਵੀ ਖੁਦ ਬੇਰਿੰਗ ਕਾਲਜ ਦੇ ਸਮਰੱਥਨ 'ਚ ਆਉਂਦਿਆਂ ਪਲੇਅ ਗਰਾਊਂਡ 'ਚੋਂ ਰਸਤਾ ਨਾ ਕੱਢਣ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ, ਜਿਸ ਸਦਕਾ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
 


author

Anuradha

Content Editor

Related News