''ਵੀਰ ਬਾਲ ਦਿਵਸ'' ਦਾ ਐਲਾਨ ਸਾਹਿਬਜ਼ਾਦਿਆਂ ਪ੍ਰਤੀ ਅਥਾਹ ਸਤਿਕਾਰ ਦੀ ਨਿਸ਼ਾਨੀ : ਅਰਵਿੰਦ ਖੰਨਾ

Wednesday, Dec 25, 2024 - 02:48 PM (IST)

''ਵੀਰ ਬਾਲ ਦਿਵਸ'' ਦਾ ਐਲਾਨ ਸਾਹਿਬਜ਼ਾਦਿਆਂ ਪ੍ਰਤੀ ਅਥਾਹ ਸਤਿਕਾਰ ਦੀ ਨਿਸ਼ਾਨੀ : ਅਰਵਿੰਦ ਖੰਨਾ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੌਮੀ ਦਰਜਾ ਦੇ ਕੇ 'ਵੀਰ ਬਾਲ ਦਿਵਸ' ਦਾ ਐਲਾਨ ਕਰਨਾ ਉਨ੍ਹਾਂ ਦੀ ਸਿੱਖੀ ਪ੍ਰਤੀ ਅਥਾਹ ਸ਼ਰਧਾ ਦੀ ਨਿਸ਼ਾਨੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ 'ਚ ਅਰਵਿੰਦ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਕਰਕੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਰਾਸ਼ਟਰੀ ਪੱਧਰ 'ਤੇ ਪਹੁੰਚਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਸ ਐਲਾਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਗਾਥਾ ਕਿਸੇ ਇੱਕ ਭਾਈਚਾਰੇ ਤੱਕ ਸੀਮਤ ਨਹੀਂ ਹੈ, ਸਗੋਂ ਸਮੁੱਚੇ ਭਾਰਤ ਦੀ ਸਾਂਝੀ ਹੈ। ਅਰਵਿੰਦ ਖੰਨਾ ਨੇ ਕਿਹਾ ਕਿ ਇਸ ਐਲਾਨ ਦੀ ਬਦੌਲਤ ਦੇਸ਼ ਭਰ ਦੇ ਨਾਗਰਿਕ ਇਸ ਸ਼ਹਾਦਤ ਨੂੰ ਸਜਦਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਿੱਖ ਭਾਈਚਾਰੇ ਦੀਆਂ ਮਹਾਨ ਸ਼ਹਾਦਤਾਂ ਨੂੰ ਸਤਿਕਾਰ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਸ਼ਹਾਦਤਾਂ ਸਮੁੱਚੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਨੂੰ ਮਜ਼ਬੂਤ ਕਰਨ ਵਾਲੀਆਂ ਹਨ ਅਤੇ ਭਾਰਤੀ ਸੱਭਿਆਚਾਰ ਦੀ ਬੁਨਿਆਦ ਹਨ।

ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਛੋਟੀ ਉਮਰ ਵਿੱਚ ਦ੍ਰਿੜਤਾ ਲਾ-ਮਿਸਾਲ ਹੈ, ਜਿਸ ਅੱਗੇ ਹਰ ਇੱਕ ਦਾ ਸਿਰ ਆਪਣੇ ਆਪ ਝੁਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਦਿਹਾੜੇ ਮੌਕੇ ਹਰ ਧਰਮ ਦੇ ਲੋਕਾਂ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਜਦਾ ਕਰਨ ਲਈ ਪੁੱਜਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਕੁਰਬਾਨੀਆਂ ਹਰ ਇੱਕ ਦੇ ਸਤਿਕਾਰ ਦੀਆਂ ਪਾਤਰ ਹਨ। ਇਸ ਭਾਵਨਾ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਿਵਸ ਨੂੰ ਵੀਰ ਬਾਲ ਦਿਵਸ ਐਲਾਨ ਕੇ ਦੇਸ਼ ਭਰ ਵਿੱਚ ਇਸ ਪ੍ਰਤੀ ਸਤਿਕਾਰ ਵਾਲਾ ਜਜ਼ਬਾ ਪੈਦਾ ਕਰਨ ਵਿੱਚ ਪਹਿਲ ਕੀਤੀ ਹੈ।


author

Babita

Content Editor

Related News