ਅਰਵਿੰਦ ਕੇਜਰੀਵਾਲ ਨੇ ਅਤਿ-ਉਤਸ਼ਾਹ ’ਚ ਕਰ ਦਿੱਤੀ ਵੱਡੀ ‘ਸਿਆਸੀ ਗਲਤੀ’
Sunday, Feb 09, 2025 - 06:43 PM (IST)
 
            
            ਜਲੰਧਰ (ਨਰੇਸ਼ ਕੁਮਾਰ)- ਆਮ ਆਦਮੀ ਪਾਰਟੀ ਦੇ ਗਠਨ ਦੇ ਬਾਅਦ ਤੋਂ ਹੀ ਪਾਰਟੀ ਦਿੱਲੀ ਦੀ ਸੱਤਾ ’ਤੇ ਕਾਬਜ਼ ਰਹੀ ਹੈ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਦਿੱਲੀ ਵਿਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 2013, 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤਦੇ ਆ ਰਹੇ ਅਰਵਿੰਦ ਕੇਜਰੀਵਾਲ ਇਨ੍ਹਾਂ ਚੋਣਾਂ ਵਿਚ ਵੀ ਆਪਣੀ ਜਿੱਤ ਪ੍ਰਤੀ ਇੰਨੇ ਆਸਵੰਦ ਸਨ ਕਿ ਉਹ ਸਿਆਸੀ ਗਲਤੀਆਂ ਕਰਦੇ ਗਏ।
ਆਮ ਆਦਮੀ ਪਾਰਟੀ ਨੇ ਲੋਕ ਸਭਾ ਦੀ ਚੋਣ ਕਾਂਗਰਸ ਦੇ ਨਾਲ ਮਿਲ ਕੇ ਲੜੀ ਸੀ ਪਰ ਵਿਧਾਨ ਸਭਾ ਚੋਣਾਂ ਆਉਂਦੇ-ਆਉਂਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਇਹ ਤਾਲਮੇਲ ਖ਼ਤਮ ਹੋ ਗਿਆ ਅਤੇ ਅਰਵਿੰਦ ਕੇਜਰੀਵਾਲ ਨੇ ਆਪਣੇ ਵੱਲੋਂ ਇਸ ਗਠਜੋੜ ਨੂੰ ਕਾਇਮ ਰੱਖਣ ਲਈ ਕੋਈ ਯਤਨ ਨਹੀਂ ਕੀਤਾ। ਇਹੀ ਉਨ੍ਹਾਂ ਦੇ ਸਿਆਸੀ ਜੀਵਨ ਦੀ ਸਭ ਤੋਂ ਵੱਡੀ ਗਲਤੀ ਬਣ ਗਈ। ਦਿੱਲੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਕੁੱਲ੍ਹ ਵੋਟਾਂ ਭਾਜਪਾ ਨੂੰ ਮਿਲੀਆਂ ਵੋਟਾਂ ਦੇ ਮੁਕਾਬਲੇ 4 ਫ਼ੀਸਦੀ ਵੱਧ ਹਨ ਅਤੇ ਜੇ ਇਹ ਚੋਣ ਗਠਜੋੜ ਵਿਚ ਲੜੀ ਗਈ ਹੁੰਦੀ ਤਾਂ ਦਿੱਲੀ ਦੀ ਤਸਵੀਰ ਅੱਜ ਵੱਖਰੀ ਹੁੰਦੀ।
ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਬੰਦ ਰਹਿਣਗੇ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਖ਼ਬਰ
ਪਾਰਟੀ ਆਪਣੇ ਪੱਧਰ ’ਤੇ ਇਸ ਹਾਰ ਦਾ ਵਿਸ਼ਲੇਸ਼ਣ ਕਰੇਗੀ ਪਰ ਅਰਵਿੰਦ ਕੇਜਰੀਵਾਲ ਇਨ੍ਹਾਂ ਚੋਣਾਂ ਦੌਰਾਨ ਜ਼ਮੀਨੀ ਪੱਧਰ ’ਤੇ ਆ ਰਹੀ ਤਬਦੀਲੀ ਨੂੰ ਸਮਝਣ ’ਚ ਨਾਕਾਮ ਰਹੇ। ਉਨ੍ਹਾਂ ਨੂੰ ਆਪਣੇ ਮੁਸਲਿਮ, ਅਨੂਸੂਚਿਤ ਭਾਈਚਾਰਾ ਅਤੇ ਮਿਡਲ ਕਲਾਸ ਦੇ ਵੋਟ ਬੈਂਕ ’ਤੇ ਇੰਨਾ ਭਰੋਸਾ ਸੀ ਕਿ ਉਹ ਚੋਣ ਸਭਾਵਾਂ ਵਿਚ ਇਹ ਬੋਲਦੇ ਵੇਖੇ ਗਏ ਕਿ ‘‘ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜਾ ਜਨਮ ਲੈਣਾ ਪਵੇਗਾ।’’
ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਚੋਣਾਂ ਵਿਚ ਸੱਤਾ ਵਿਰੋਧੀ ਲਹਿਰ ਨੂੰ ਘੱਟ ਕਰਨ ਲਈ ਆਪਣੇ 20 ਵਿਧਾਇਕਾਂ ਦੀਆਂ ਟਿਕਟਾਂ ਵੀ ਕੱਟ ਦਿੱਤੀਆਂ ਪਰ ਉਨ੍ਹਾਂ ਵਿਚੋਂ ਵੀ 7 ਵਿਧਾਇਕ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਨਾਲ ਚਲੇ ਗਏ। ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦੌਰਾਨ ਇਕ ਤੋਂ ਬਾਅਦ ਇਕ ਲੁਭਾਉਣੇ ਐਲਾਨ ਕੀਤੇ ਪਰ ਉਹ ਆਪਣੇ ਐਲਾਨਾਂ ਨਾਲ ਜਨਤਾ ਨੂੰ ਭਰੋਸੇ ਵਿਚ ਨਹੀਂ ਲੈ ਸਕੇ।
ਇਹ ਵੀ ਪੜ੍ਹੋ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬਦਲੇਗੀ ਕੌਮੀ ਸਿਆਸਤ ਦੀ ਤਸਵੀਰ, ਜਾਣੋ ਕਿਵੇਂ
 
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            