ਮੈਂ ਇਕ ਵਾਰ ਨਹੀਂ 1000 ਵਾਰ ਕਹਾਂਗਾ ਮਜੀਠੀਆ ਡਰੱਗ ਮਾਫੀਆ : ਖਹਿਰਾ

03/16/2018 6:56:09 PM

ਚੰਡੀਗੜ੍ਹ : ਕੇਜਰੀਵਾਲ ਵਲੋਂ ਮਜੀਠੀਆ ਤੋਂ ਮੁਆਫੀ ਮੰਗੇ ਜਾਣ ਤੋਂ ਬਾਅਦ 'ਆਪ' ਦੀ ਪੰਜਾਬ ਇਕਾਈ ਵਿਚ ਖਲਬਲੀ ਮਚ ਗਈ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫੀ ਮੰਗੇ ਜਾਣ ਦੇ ਫੈਸਲੇ 'ਤੇ ਸਹਿਮਤ ਨਹੀਂ ਹਨ ਅਤੇ ਕੇਜਰੀਵਾਲ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਇਸ ਬਾਰੇ ਸਾਡੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਇਕ ਵਾਰ ਨਹੀਂ ਸਗੋਂ 1000 ਵਾਰ ਕਹਿਣਗੇ ਕਿ ਮਜੀਠੀਆ ਡਰੱਗ ਮਾਫੀਆ ਦਾ ਸਰਗਨਾ ਹੈ ਅਤੇ ਮਜੀਠੀਆ ਖਿਲਾਫ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।
ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਖੁੱਲ੍ਹੇ ਤੌਰ 'ਤੇ ਸਾਹਮਣੇ ਆ ਕੇ ਮਜੀਠੀਆ ਖਿਲਾਫ ਦੋਸ਼ ਲਗਾਏ ਸਨ। ਕੇਜਰੀਵਾਲ ਦੇ ਨਾਲ ਹਜ਼ਾਰਾਂ ਲੋਕ ਖੜ੍ਹੇ ਹੋਏ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਐੱਸ. ਟੀ. ਐੱਫ. ਨੇ ਦੋਬਾਰਾ ਅਦਾਲਤ ਵਿਚ ਕਿਹਾ ਕਿ ਉਨ੍ਹਾਂ ਕੋਲ ਮਜੀਠੀਆ ਖਿਲਾਫ ਪੁਖਤਾ ਸਬੂਤ ਹਨ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਸ ਦਰਮਿਆਨ ਕੇਜਰੀਵਾਲ ਦਾ ਮਜੀਠੀਆ ਤੋਂ ਮੁਆਫੀ ਮੰਗਣਾ ਅਤਿ ਦੁਖਦਾਈ ਹੈ। ਇੰਝ ਲੱਗ ਰਿਹਾ ਹੈ ਕਿ ਉਨ੍ਹਾਂ ਮਾਨਸਿਕ ਕਮਜ਼ੋਰੀ ਦੇ ਚੱਲਦੇ ਮੁਆਫੀ ਮੰਗੀ ਹੈ। ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਜਿਹੜਾ ਵੀ ਫੈਸਲਾ ਲਿਆ ਜਾਵੇਗਾ ਉਹ ਪੰਜਾਬ ਦੇ ਹੱਕ ਵਿਚ ਲਿਆ ਜਾਵੇਗਾ। ਨਾਲ ਹੀ ਭਗਵੰਤ ਮਾਨ ਦੇ ਅਸਤੀਫੇ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ 'ਤੇ ਫੈਸਲਾ ਸ਼ੁੱਕਰਵਾਰ ਸ਼ਾਮ 4 ਵਜੇ ਲਿਆ ਜਾਵੇਗਾ।
ਅੱਗੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਸੱਤਾ ਦਾ ਇਕ ਸਾਲ ਪੂਰਾ ਹੋਣ 'ਤੇ ਕਾਂਗਰਸ ਨੇ ਸਿਵਾਏ ਧੋਖੇ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਰਫ ਇਕ ਸਾਲ ਦੇ ਵਕਫੇ ਅੰਦਰ ਪੰਜਾਬ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਕੈਪਟਨ ਨੇ ਹੱਥ ਵਿਚ ਗੁਟਕਾ ਸਾਹਿਬ ਚੁੱਕ ਕੇ ਸਹੁੰ ਖਾਧੀ ਸੀ ਕਿ ਨਸ਼ਾ ਖਤਮ ਕਰਾਂਗਾ ਪਰ ਇਕ ਸਾਲ ਹੋਣ ਦੇ ਬਾਵਜੂਦ ਵੀ ਹਾਲਾਤ ਜਿਉਂ ਦੇ ਤਿਉਂ ਹਨ।


Related News