ਕੈਪਟਨ ਅਮਰਿੰਦਰ ਸਿੰਘ ਹੀ ਸਾਡੇ ''ਕੈਪਟਨ'' : ਅਰੁਣਾ ਚੌਧਰੀ
Monday, Dec 03, 2018 - 11:02 AM (IST)

ਜਲੰਧਰ (ਧਵਨ) : ਪੰਜਾਬ ਦੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਸਰਵ ਭਾਰਤੀ ਕਾਂਗਰਸ ਕਮੇਟੀ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਨਿਰਵਿਵਾਦ ਨੇਤਾ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਸਾਡੇ ਕੈਪਟਨ ਹਨ। ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਬਿਆਨ 'ਤੇ ਟਿੱਪਣੀ ਕਰਦਿਆਂ ਅਰੁਣਾ ਚੌਧਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਸਮੁੱਚੀ ਮੰਤਰੀ ਮੰਡਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੂਰੇ ਦੇਸ਼ 'ਚ ਭਾਜਪਾ ਜਿੱਤ ਰਹੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਰੁਣ ਜੇਤਲੀ ਨੂੰ ਹਰਾਇਆ। ਉਸ ਤੋਂ ਬਾਅਦ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ 2 ਤਿਹਾਈ ਬਹੁਮਤ ਹਾਸਲ ਕੀਤਾ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਹੋਰ ਨੇਤਾ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਵੇ।
ਕੈਪਟਨ 'ਤੇ ਕੇਂਦਰੀ ਲੀਡਰਸ਼ਿਪ ਵੀ ਪੂਰਾ ਭਰੋਸਾ ਕਰਦੀ ਹੈ। ਉਨ੍ਹਾਂ ਦੀ ਅਗਵਾਈ 'ਚ ਕਾਂਗਰਸ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਅਰੁਣਾ ਚੌਧਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਿਆਨ ਨਹੀਂ ਦੇਣਾ ਚਾਹੀਦਾ ਸੀ। ਸੋਮਵਾਰ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ 'ਚ ਸਾਰੇ ਮੰਤਰੀ ਕੈਪਟਨ ਦੀ ਅਗਵਾਈ 'ਚ ਭਰੋਸਾ ਪ੍ਰਗਟ ਕਰਨਗੇ। ਉਨ੍ਹਾਂ ਕਿਹਾ ਕਿ ਰਾਹੁਲ ਨਾਲ ਕੈਪਟਨ ਦੇ ਸਬੰਧ ਬਹੁਤ ਵਧੀਆ ਹਨ।