ਬਾਦਲ ਤੇ ਕੈਪਟਨ ਰਲ ਕੇ ਚਲਾਉਂਦੇ ਹਨ ਸ਼ਰਾਬ ਮਾਫ਼ੀਆ: ਆਪ ਆਗੂ
Friday, Jun 04, 2021 - 05:02 PM (IST)
ਲੰਬੀ (ਜੁਨੇਜਾ,ਕੁਲਦੀਪ ਰਿਣੀ ) : ਪਿਛਲੇ ਦਿਨੀਂ ਪਿੰਡ ਬਾਦਲ ਵਿਖੇ ਐਕਸਾਈਜ਼ ਵਿਭਾਗ ਤੇ ਲੰਬੀ ਪੁਲਸ ਵਲੋਂ ਫੜ੍ਹੀ ਨਕਲੀ ਸ਼ਰਾਬ ਫੈਕਟਰੀ ਮਾਮਲੇ ਵਿਚ ਅਸਲੀ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਲੰਬੀ ਪੁਲਸ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵਰਕਰ ਆਗੂ ਸ਼ਾਮਲ ਹੋਏ। ਜਿਹਨਾਂ ਦੇ ਹੱਥ ਵਿਚ ਕੈਪਟਨ ਬਾਦਲ ਦੀ ਮਿਹਰਬਾਨੀ ਨਸ਼ੇ ਖਾ ਗਈ ਪੰਜਾਬ ਦੀ ਜਵਾਨੀ ਅਤੇ ਕੈਪਟਨ ਸੁਖਬੀਰ ਮੁਰਦਾਬਾਦ ਦੇ ਨਾਅਰੇ ਲਿਖੇ ਹੋਏ ਸਨ। ਧਰਨੇ ਦੀ ਅਗਵਾਈ ਕੁਲਤਾਰ ਸਿੰਘ ਐੱਮ ਐੱਲ .ਏ. ਕੋਟਕਪੂਰਾ, ਪ੍ਰਧਾਨ ਕਿਸਾਨ ਵਿੰਗ ਪੰਜਾਬ, ਗੁਰਮੀਤ ਸਿੰਘ ਮੀਤ ਹੇਅਰ ਐੱਮ.ਐੱਲ.ਏ. ਬਰਨਾਲਾ , ਪ੍ਰਧਾਨ ਯੂਥ ਵਿੰਗ ਪੰਜਾਬ, ਪ੍ਰੋ ਬਲਜਿੰਦਰ ਕੌਰ ਐੱਮ.ਐੱਲ.ਏ. ਤਲਵੰਡੀ ਸਾਬੋ ਨੇ ਕੀਤੀ।
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ ਜਦੋਂ ਤਰਨਤਾਰਨ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਨਾਲ 100 ਤੋ ਵੱਧ ਮੌਤਾਂ ਹੋਈਆਂ ਸਨ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਮੀਕਲ ਵਾਲੀ ਸ਼ਰਾਬ ਦੀ ਬਰਾਮਦਗੀ ਤੇ ਦੋਸ਼ੀਆਂ ਵਿਰੁੱਧ ਕਤਲ ਦੀ ਧਾਰਾ 302 ਲਾਉਣ ਦਾ ਐਲਾਨ ਕੀਤਾ ਸੀ। ਪਰ ਬਾਦਲ ਪਿੰਡ ਵਿਖੇ ਫੜ੍ਹੀ ਨਕਲੀ ਸ਼ਰਾਬ ਮਾਮਲੇ ਵਿਚ ਸਾਰੇ ਨਿਯਮ ਛਿੱਕੇ ਤੇ ਟੰਗੇ ਗਏ ਹਨ। ਇਸ ਮਾਮਲੇ ਵਿਚ ਦੋਸ਼ੀ ਨੇ ਖ਼ੁਦ ਲੰਬੀ ਪੁਲਸ ਸਟੇਸ਼ਨ ਵਿੱਚ ਬੈਠ ਕੇ ਐੱਫ.ਆਈ.ਆਰ. ਕਟਵਾਈ, ਜਿਸ ਵਿਚ ਕਰਿੰਦਿਆਂ ਅਤੇ ਨੌਕਰ ਦੇ ਨਾਮ ਪਾਏ ਗਏ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਗਲਤ ਪਰਚੇ ਨਹੀਂ ਹੋਣਗੇ ਤੇ ਅਸਲ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਉਨ੍ਹਾਂ ਸਰਕਾਰ ਤੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਅਸਲ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਨਕਲੀ ਸ਼ਰਾਬ ਫੈਕਟਰੀ ਦੇ ਇਸ ਮਾਮਲੇ ਦੇ ਸਬੰਧ ਵਿੱਚ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਟੈਕਸ ਚੋਰੀ ਕੀਤੇ ਗਏ ਹਨ, ਇਨ੍ਹਾਂ ਦੀਆਂ ਜ਼ਮੀਨਾਂ ਜ਼ਬਤ ਕਰਕੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਅਕਾਲੀ ਸਰਕਾਰ ਵੇਲੇ ਮਾਫੀਆ ਚਲਦਾ ਸੀ ਜਿਸ ਨੂੰ ਕਾਂਗਰਸ ਨੇ ਅੱਗੇ ਵਧਾਇਆ ਹੈ ਹੁਣ ਬਾਦਲ ਸ਼ਰਾਬ ਮਾਮਲੇ ਵਿਚ ਵੱਡੇ ਆਗੂ ਨੂੰ ਬਚਾਉਣ ਤੋਂ ਸਾਫ਼ ਹੋ ਗਿਆ ਹੈ ਕਿ ਕੈਪਟਨ ਤੇ ਬਾਦਲ ਰਲੇ ਹੋਏ ਹਨ।ਇਸ ਮੌਕੇ ਆਪ ਆਗੂਆਂ ਨੇ ਡੀ.ਐੱਸ.ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਲੰਬੀ ਪੁਲਸ ਨੇ ਇਸ ਮਾਮਲੇ ਵਿਚ ਅਨੰਦ ਸ਼ਰਮਾ ਉੱਤਰਖੰਡ, ਰਾਜਾ ਚੰਡੀਗੜ੍ਹ, ਜਸ਼ਨ ਖਿਉਵਾਲੀ ਤੇ ਪ੍ਗਟ ਸਿੰਘ ਲਾਲਬਾਈ ਵਿਰੁੱਧ ਪਰਚਾ ਨੰਬਰ 127 ਮਿਤੀ 23/5/2021 ਧਰਾਵਾਂ 420/465/467/468/471/473/120ਬੀ, 34IPC, 303,304 ਦਰਜ ਕੀਤਾ ਗਿਆ ਹੈ। ਪਰ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਆਨੁਸਾਰ ਇਨ੍ਹਾਂ 'ਤੇ ਧਾਰਾ 302 ਦਾ ਮੁਕਦਮਾ ਦਰਜ ਕਰਨਾ ਚਾਹੀਦਾ ਸੀ ਤੇ ਅਸਲ ਦੋਸ਼ੀਆਂ 'ਤੇ ਵੀ ਪਰਚੇ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।ਇਸ ਮੌਕੇ ਵੱਡੀ ਪੱਧਰ ਤੇ ਸਥਾਨਕ ਆਗੂ ਹਾਜ਼ਰ ਸਨ।