ਦੇਖੋ ਇਸ ਤਰ੍ਹਾਂ ਦੀ ਬੀਮਾਰੀ ਜਿਨ੍ਹੇ ਖੋਹ ਲਈਆਂ ਤਿੰਨ ਜ਼ਿੰਦਗੀਆਂ, ਹੋਰ ਵੀ ਚਪੇਟ ''ਚ (ਤਸਵੀਰਾਂ)

08/03/2015 5:24:07 PM

ਲੁਧਿਆਣਾ, (ਹਿਤੇਸ਼)- ਗੈਸਟਰੋ ਤੇ ਡਾਇਰੀਆ ਦੇ ਪ੍ਰਕੋਪ ਨੇ ਤਾਜਪੁਰ ਰੋਡ ਦੇ ਨਾਲ ਲਗਦੇ ਕਈ ਇਲਾਕਿਆਂ ''ਚ ਅਜਿਹਾ ਕਹਿਰ ਵਰਤਾਇਆ ਹੈ ਕਿ ਹਰ ਦਿਨ ਇਕ ਮੌਤ ਦੀ ਖਬਰ ਆ ਰਹੀ ਹੈ, ਜਿਸ ਦੇ ਤਹਿਤ ਜੀਵਨ ਸਿੰਘ ਨਗਰ ''ਚ ਮਾਸੂਮ ਗਗਨਦੀਪ, ਪ੍ਰੀਤ ਨਗਰ ਦੇ ਬਜ਼ੁਰਗ ਟਹਿਲ ਸਿੰਘ ਦੇ ਬਾਅਦ ਹੁਣ ਪੁਨੀਤ ਨਗਰ ''ਚ ਸਾਢੇ ਤਿੰਨ ਸਾਲ ਦੀ ਬੱਚੀ ਸ਼ਹਿਨਾਜ਼ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਭੋਲਾ ਕਾਲੋਨੀ ''ਚ ਕਈ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਨੂੰ ਲੈ ਕੇ ਇਲਾਕੇ ''ਚ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ''ਤੇ ਹੈ, ਜਿਨ੍ਹਾਂ ਨੇ ਮੇਨ ਰੋਡ ''ਤੇ ਸੜਕ ਜਾਮ ਕਰਕੇ ਨਗਰ ਨਿਗਮ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ। 

ਮੌਕੇ ''ਤੇ ਪਹੁੰਚੇ ਨਗਰ ਨਿਗਮ ਅਫਸਰਾਂ ਦੇ ਇਲਾਵਾ ਵਿਧਾਇਕ ਰਣਜੀਤ ਢਿੱਲੋਂ ਨੂੰ ਵੀ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਸਾਫ ਕਿਹਾ ਕਿ ਇਲਾਕੇ ''ਚ ਕਾਫੀ ਦਿਨਾਂ ਤੋਂ ਹੋ ਰਹੀ ਬਦਬੂਦਾਰ ਪਾਣੀ ਦੀ ਸਪਲਾਈ ਬਾਰੇ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ। 

ਹਾਲਾਂਕਿ ਅਧਿਕਾਰੀ ਹੁਣ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ ਕਿ ਨਿਗਮ ਦੇ ਟਿਊਬਵੈੱਲ ਤੋਂ ਸਾਫ ਪਾਣੀ ਦੀ ਸਪਲਾਈ ਹੋਣ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਮੁਤਾਬਕ ਵਿਹੜਿਆਂ ਵਿਚ ਰਹਿਣ-ਸਹਿਣ ਠੀਕ ਨਾ ਹੋਣ ਸਮੇਤ ਗੰਦਗੀ, ਦੂਸ਼ਿਤ ਖੁਰਾਕ ਪਦਾਰਥਾਂ ਦੇ ਸੇਵਨ ਸਮੇਤ ਨਾਲੀਆਂ ਜਾਂ ਮੈਨਹੋਲ ''ਚੋਂ ਹੋ ਕੇ ਜਾ ਰਹੇ ਪ੍ਰਾਈਵੇਟ ਕੁਨੈਕਸ਼ਨਾਂ ''ਚ ਲੀਕੇਜ ਦੀ ਵਜ੍ਹਾ ਨਾਲ ਫੈਲੀ ਬੀਮਾਰੀ ਲਈ ਲੋਕ ਵੀ ਜ਼ਿੰਮੇਵਾਰ ਹਨ, ਜਿਸ ਦਾਅਵੇ ਨੂੰ ਵਿਧਾਇਕ ਢਿੱਲੋਂ ਪਹਿਲਾਂ ਹੀ ਇਹ ਕਹਿ ਕੇ ਝੁਠਲਾ ਚੁੱਕੇ ਹਨ ਕਿ ਇਲਾਕੇ ਦੀ ਸਪਲਾਈ ਦੇਣ ਵਾਲੇ ਟਿਊਬਵੈੱਲ ਦਾ ਲੈਵਲ ਕਾਫੀ ਡਾਊਨ ਹੋਣ ਕਾਰਨ ਉਸ ''ਚ ਭਰਨ ਵਾਲਾ ਬਰਸਾਤ ਦਾ ਪਾਣੀ ਨਾਲ ਮਿਲ ਕੇ ਵਾਟਰ ਸਪਲਾਈ ''ਚ ਜਾਣਾ ਸਮੱਸਿਆ ਦੀ ਵਜ੍ਹਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਗੰਦਾ ਪਾਣੀ ਵਜ੍ਹਾ ਨਾ ਹੋਵੇ ਤਾਂ ਇਲਾਕੇ ''ਚ ਇੰਨੀ ਵੱਡੀ ਗਿਣਤੀ ''ਚ ਗੈਸਟਰੋ ਡਾਇਰੀਆ ਤੋਂ ਪੀੜਤ ਲੋਕ ਸਾਹਮਣੇ ਨਾ ਆਉਂਦੇ। ਜਿਸ ਦੇ ਬਾਵਜੂਦ ਅਧਿਕਾਰੀਆਂ ਨੇ ਪਹਿਲਾਂ ਹੋਈਆਂ ਦੋ ਮੌਤਾਂ ਦੀ ਤਰ੍ਹਾਂ ਮਾਸੂਮ ਸ਼ਹਿਨਾਜ਼ ਦੀ ਮੌਤ ਵੀ ਇਹ ਕਹਿ ਕੇ ਝੁਠਲਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਪਰਿਵਾਰ ਕਾਲੋਨੀ ਦੇ ਬਾਹਰ ਝੁੱਗੀ ''ਚ ਰਹਿ ਰਿਹਾ ਸੀ। 

ਉਨ੍ਹਾਂ ਵਲੋਂ ਪੀਣ ਲਈ ਵਰਤੋਂ ''ਚ ਲਏ ਜਾਂਦੇ ਪਾਣੀ ਦਾ ਸ੍ਰੋਤ ਕੀ ਹੈ। ਇਸ ਨੂੰ ਲੈ ਕੇ ਨਿਗਮ ਕਿਵੇਂ ਗਾਰੰਟੀ ਲੈ ਸਕਦਾ ਹੈ। ਜ਼ੋਨਲ ਕਮਿਸ਼ਨਰ ਕਮਲੇਸ਼ ਬਾਂਸਲ ਨੇ ਕਿਹਾ ਕਿ ਨਿਗਮ ਦੇ ਟਿਊਬਵੈੱਲ ਤੋਂ ਪਾਣੀ ਦੀ ਸਪਲਾਈ ਤਿੰਨ ਦਿਨ ਪਹਿਲਾਂ ਹੀ ਬੰਦ ਕਰਕੇ ਟੈਂਕਰਾਂ ਤੋਂ ਪਾਣੀ ਦਿੱਤਾ ਜਾ ਰਿਹਾ ਹੈ, ਜਿਸ ਗੱਲ ਦਾ ਮੌਕੇ ''ਤੇ ਟੀਮ ਇਨਸਾਫ ਨਾਲ ਸੰਬੰਧਿਤ ਕੌਂਸਲਰ ਭੋਲਾ ਗਰੇਵਾਲ ਤੇ ਗੁਰਪ੍ਰੀਤ ਗੋਰਾ ਨੇ ਇਹ ਕਹਿ ਕੇ ਖੰਡਨ ਕੀਤਾ ਕਿ ਟੈਂਕਰਾਂ ਤੋਂ ਆ ਰਿਹਾ ਪਾਣੀ ਵੀ ਸਾਫ ਨਹੀਂ ਹੈ। ਉਨ੍ਹਾਂ ਮੁਤਾਬਕ ਹੁਣ ਜੋ ਲੋਕ ਨਵੀਆਂ ਲਾਈਨਾਂ ਤੇ ਟਿਊਬਵੈੱਲ ਲਗਵਾਉਣ ਦੀਆਂ ਗੱਲਾਂ ਕਰ ਰਹੇ ਹਨ, ਪਹਿਲਾਂ ਉਨ੍ਹਾਂ ਦੀ ਅਣਦੇਖੀ ''ਤੇ ਕਾਫੀ ਦੇਰ ਤੋਂ ਕਲੋਰੀਨੇਸ਼ਨ ਨਾ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ।

ਉਨ੍ਹਾਂ ਕਿਹਾ ਕਿ ਸੱਤਾ ਧਿਰ ਤੇ ਨਿਗਮ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਭੇਦਭਾਵ ਕਾਰਨ ਇਲਾਕੇ ਦੇ ਲੋਕਾਂ ਨੂੰ ਨਾ ਤਾਂ ਸੌ ਫੀਸਦੀ ਪਾਣੀ-ਸੀਵਰੇਜ ਦੀ ਸੁਵਿਧਾ ਮਿਲ ਰਹੀ ਹੈ ਅਤੇ ਨਾ ਹੀ ਗੰਦੇ ਪਾਣੀ ਦੀ ਸਪਲਾਈ ਤੇ ਸੀਵਰੇਜ ਜਾਮ ਦੀ ਸਮੱਸਿਆ ਹੱਲ ਹੋਣ ਦਾ ਨਾਂ ਲੈ ਰਹੀ ਹੈ, ਜਿਸ ਕਾਰਨ ਹੋਈ ਮੌਤ ਨੂੰ ਲੈ ਕੇ ਉਨ੍ਹਾਂ ਨੇ ਅਫਸਰਾਂ ''ਤੇ ਕਾਰਵਾਈ ਦੀ ਮੰਗ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ''ਤੇ ਮੇਅਰ-ਕਮਿਸ਼ਨਰ ਦੇ ਦਫਤਰ ਦਾ ਘੇਰਾਓ ਕਰਨ ਦੀ ਚੇਤਾਵਨੀ ਦਿੱਤੀ ਹੈ। ਉਧਰ, ਨਿਗਮ ਵਲੋਂ ਅਡੀਸ਼ਨਲ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਲਾਕੇ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੂੰ ਓ. ਐਂਡ ਐੱਮ. ਸੈੱਲ ਦੇ ਅਫਸਰਾਂ ਨੇ ਕਿਹਾ ਕਿ ਜਗ੍ਹਾ-ਜਗ੍ਹਾ ਖੁਦਾਈ ਕਰਕੇ ਲੀਕੇਜ ਚੈੱਕ ਕਰਨ ਸਮੇਤ ਪਾਣੀ-ਸੀਵਰੇਜ ਲਾਈਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਸਿਹਤ ਸ਼ਾਖਾ ਦੇ ਸਟਾਫ ਨੇ ਕਲੋਰੀਨ ਦੀਆਂ ਗੋਲੀਆਂ ਵੰਡਣ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਥੋਰੀ ਦੇ ਇਲਾਕੇ ਵਿਚ ਪੂਰੀ ਸਫਾਈ ਤੇ ਫੋਗਿੰਗ ਕਰਵਾਉਣ ਦੀ ਹਦਾਇਤ ਦਿੱਤੀ। ਇਸ ਤਰ੍ਹਾਂ ਸਿਹਤ ਵਿਭਾਗ ਵਲੋਂ ਲਗਾਏ ਕੈਂਪ ਵਿਚ ਲੋਕਾਂ ਦਾ ਚੈੱਕਅਪ ਕਰਕੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ, ਜਿਥੇ ਆਏ 130 ਲੋਕਾਂ ਵਿਚੋਂ 70 ਵਿਚ ਗੈਸਟਰੋ-ਡਾਇਰੀਆ ਦੇ ਲੱਛਣ ਪਾਏ ਗਏ, ਜਦਕਿ ਗੰਭੀਰ ਹਾਲਤ ਕਾਰਨ 7 ਨੂੰ ਹਸਪਤਾਲ ਭੇਜਿਆ ਗਿਆ।


Related News