ਵੱਡੀ ਖ਼ਬਰ: ਅਰਸ਼ ਡਾਲਾ ਨੇ ਕਾਂਗਰਸੀ ਆਗੂ ਦੇ ਕਤਲ ਦੀ ਲਈ ਜ਼ਿੰਮੇਵਾਰੀ, ਪੋਸਟ ਸਾਂਝੀ ਕਰਦਿਆਂ ਲਾਏ ਗੰਭੀਰ ਇਲਜ਼ਾਮ
Monday, Sep 18, 2023 - 09:37 PM (IST)
ਮੋਗਾ (ਗੋਪੀ, ਕਸ਼ਿਸ਼) : ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਅਤੇ ਪਿੰਡ ਡਾਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ (45) ਦੇ ਅੱਜ ਦਿਨ-ਦਿਹਾੜੇ ਹੋਏ ਕਤਲ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਗੈਂਗਸਟਰ ਅਰਸ਼ ਡਾਲਾ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰਦਿਆਂ ਗੰਭੀਰ ਇਲਜ਼ਾਮ ਲਾਏ ਹਨ। ਉਸ ਨੇ ਪੋਸਟ ਵਿੱਚ ਲਿਖਿਆ ਕਿ ਅੱਜ ਜੋ ਪਿੰਡ ਡਾਲਾ 'ਚ ਸਰਪੰਚ ਬਲਜਿੰਦਰ ਸਿੰਘ ਬੱਲੀ ਦਾ ਕਤਲ ਹੋਇਆ, ਉਹ ਮੈਂ ਕਰਵਾਇਆ ਕਿਉਂਕਿ ਮੈਨੂੰ ਇਸ ਰਾਹ 'ਤੇ ਤੋਰਨ ਵਾਲੀ ਮੇਰੇ ਪਿੰਡ ਦੀ ਹੀ ਸਿਆਸਤ ਸੀ। ਇਸ ਬੰਦੇ ਨੇ ਮੇਰੀ ਮਾਂ ਨੂੰ ਇਕ ਹਫ਼ਤਾ CA ਸਟਾਫ਼ ਵਿੱਚ ਰਖਵਾਇਆ। ਮੇਰੇ ਯਾਰਾਂ-ਦੋਸਤਾਂ ਨੂੰ ਪੁਲਸ ਨੂੰ ਫੜਵਾਇਆ।
ਇਹ ਵੀ ਪੜ੍ਹੋ : Breaking News: ਮੋਗਾ 'ਚ ਬਲਾਕ ਕਾਂਗਰਸ ਪ੍ਰਧਾਨ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ
ਉਸ ਨੇ ਲਿਖਿਆ ਕਿ ਇਸ ਨੇ ਪੁਲਸ ਦਾ ਸਾਥ ਦੇ ਕੇ ਮੇਰੇ ਘਰ 'ਚੋਂ ਕੌਲੀਆਂ, ਚਮਚੇ ਨਹੀਂ ਛੱਡੇ ਤੇ ਮੇਰੇ ਘਰ ਦੇ ਅੰਦਰ ਭੰਨ-ਤੋੜ ਕਰਵਾਈ। ਮੇਰੇ ਘਰ ਦਾ ਸਾਰਾ ਸਾਮਾਨ ਘਰ ਖੜ੍ਹ ਕੇ ਪੁਲਸ ਨੂੰ ਚੁਕਵਾਇਆ ਤੇ ਆਪਣੀ ਅਫ਼ਸਰਸ਼ਾਹੀ 'ਚ ਪਹੁੰਚ ਬਣਾਉਣ ਖਾਤਰ ਮੇਰਾ ਸਾਰਾ ਘਰ ਖਰਾਬ ਕਰ ਦਿੱਤਾ। ਮੈਨੂੰ ਇਸ ਰਾਹ 'ਤੇ ਤੁਰਨ ਲਈ ਮਜਬੂਰ ਕਰ ਦਿੱਤਾ। ਓਨਾ ਮੇਰਾ ਜ਼ਿੰਦਗੀ ਜਿਊਣ ਦਾ ਮਕਸਦ ਨਹੀਂ ਸੀ, ਜਿੰਨਾ ਇਸ ਨੂੰ ਮਾਰਨ ਦਾ ਸੀ। ਮਾਰਨ ਨੂੰ ਅਸੀਂ ਇਸ ਦਾ ਜਵਾਕ ਵੀ ਘਰ 'ਚ ਮਾਰ ਸਕਦੇ ਸੀ ਪਰ ਉਸ ਜਵਾਕ ਦਾ ਕੋਈ ਕਸੂਰ ਨਹੀਂ ਸੀ। ਅੱਜ ਮੇਰੇ ਮਨ ਨੂੰ ਤਸੱਲੀ ਮਿਲ ਗਈ, ਇਸ ਨੂੰ ਮਾਰ ਕੇ। ਇਸ ਨੇ ਸਾਨੂੰ ਏਨਾ ਮਜਬੂਰ ਕਰ ਦਿੱਤਾ ਕਿ ਸਾਨੂੰ ਮਾਰਨਾ ਪਿਆ।
ਉਸ ਨੇ ਲਿਖਿਆ ਕਿ ਇਸ ਨੇ ਆਪਣੀ ਸਿਆਸਤ ਲਈ ਇਹ ਸਭ ਕੁਝ ਕੀਤਾ ਸੀ, ਜਿਹੜਾ ਇਸ ਨਾਲ ਬਾਹਲੀ ਹਮਦਰਦੀ ਰੱਖਦਾ ਹੈ, ਉਹ ਵੀ ਸਾਨੂੰ ਦੱਸ ਦੇਣ, ਉਸ ਦਾ ਵੀ ਘਰ ਦੂਰ ਨਹੀਂ। ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਕਿਸੇ ਵੀ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਚਾਰ ਭਰਾ ਜਿਹੜੇ ਸਾਡੇ ਨਾਲ ਸਹੀ ਚੱਲਦੇ ਹਨ, ਬੱਸ ਉਹ ਚੱਲ ਰਹੇ ਨੇ ਤੇ ਉਹੀ ਸਾਡਾ ਭਰਾ ਹੈ, ਜੋ ਸਾਡੇ ਨਾਲ ਸਹੀ ਚੱਲਦਾ ਹੈ, ਸਾਨੂੰ ਤੀਜੇ ਬੰਦੇ ਨਾਲ ਕੋਈ ਮਤਲਬ ਨਹੀਂ।
ਜ਼ਿਕਰਯੋਗ ਹੈ ਕਿ ਅੱਜ ਜ਼ਿਲ੍ਹਾ ਮੋਗਾ ਦੇ ਬਲਾਕ ਅਜੀਤਵਾਲ ਦੇ ਕਾਂਗਰਸ ਪ੍ਰਧਾਨ ਅਤੇ ਪਿੰਡ ਡਾਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ (45) ਦਾ ਦਿਨ-ਦਿਹਾੜੇ ਹਮਲਾਵਰਾਂ ਨੇ ਘਰ ’ਚ ਦਾਖ਼ਲ ਹੋ ਕੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਬਲਜਿੰਦਰ ਸਿੰਘ ਦੇ ਫੋਨ ’ਤੇ ਕਿਸੇ ਜਾਣਕਾਰ ਨੇ ਕਾਲ ਕੀਤੀ ਕਿ ਕਿਸੇ ਜ਼ਰੂਰੀ ਦਸਤਾਵੇਜ਼ਾਂ ’ਤੇ ਸਨਾਖ਼ਤੀ ਦਸਤਖ਼ਤ ਕਰਵਾਉਣੇ ਹਨ। ਇਸੇ ਤਹਿਤ ਹਮਲਾਵਰ ਦਸਤਖ਼ਤ ਕਰਵਾਉਣ ਦੇ ਬਹਾਨੇ ਨਾਲ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਗਏ। ਬਲਜਿੰਦਰ ਸਿੰਘ ਆਪਣੇ ਘਰ ਵਿੱਚ ਹੀ ਵਾਲ ਕਟਵਾ ਰਿਹਾ ਸੀ। ਇਸ ਦੌਰਾਨ ਹਮਲਾਵਰਾਂ ਨੇ 12 ਬੋਰ ਦੀ ਬੰਦੂਕ ਨਾਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਨੋਟ:- ਅਦਾਰਾ 'ਜਗ ਬਾਣੀ' ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8