ਪਾਣੀ ਨੂੰ ਲੈ ਕੇ ਰਾਹਤ ਦੀ ਖ਼ਬਰ, ਪੰਜਾਬ 'ਚ ਆਰਸੈਨਿਕ ਪ੍ਰਭਾਵਿਤ ਖੇਤਰਾਂ 'ਚ ਆਈ 15 ਫ਼ੀਸਦੀ ਗਿਰਾਵਟ

Thursday, Dec 15, 2022 - 04:42 PM (IST)

ਪਾਣੀ ਨੂੰ ਲੈ ਕੇ ਰਾਹਤ ਦੀ ਖ਼ਬਰ, ਪੰਜਾਬ 'ਚ ਆਰਸੈਨਿਕ ਪ੍ਰਭਾਵਿਤ ਖੇਤਰਾਂ 'ਚ ਆਈ 15 ਫ਼ੀਸਦੀ ਗਿਰਾਵਟ

ਚੰਡੀਗੜ੍ਹ : ਲੰਮੇ ਸਮੇਂ ਤੱਕ ਕੀਤੇ ਸੰਘਰਸ਼ ਤੋਂ ਬਾਅਦ ਪੰਜਾਬ 'ਚ ਪੀਣ ਵਾਲੇ ਪਾਣੀ ਦੇ ਸਰੋਤਾਂ 'ਚ ਆਰਸੈਨਿਕ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪੀਣ ਵਾਲੇ ਪਾਣੀ 'ਚ ਪਾਏ ਜਾਣ ਵਾਲੇ ਆਰਸੈਨਿਕ ਨਾਲ ਸਿਹਤ 'ਤੇ ਹਾਨੀਕਾਰਕ ਪ੍ਰਭਾਵ ਪੈਂਦਾ ਹੈ ਕਿਉਂਕਿ ਇਹ ਚਮੜੀ, ਫੇਫੜੇ, ਬਲੈਡਰ ਅਤੇ ਗੁਰਦਿਆਂ ਦੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ। ਇਸ ਮਾਮਲੇ 'ਚ ਪੰਜਾਬ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ 'ਚੋਂ ਇਕ ਹੈ ਜਿੱਥੇ ਪਾਣੀ ਵਿੱਚ ਆਰਸੈਨਿਕ ਨਾਲ ਵੱਡੀ ਗਿਣਤੀ 'ਚ ਲੋਕ ਪ੍ਰਭਾਵਿਤ ਹੋ ਰਹੇ ਹਨ। ਅਜਿਹੇ 16 ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਪਾਣੀ 'ਚ ਆਰਸੈਨਿਕ ਦਾ ਪੱਧਰ 0.01 ਮਿਲੀਗ੍ਰਾਮ ਪ੍ਰਤੀ ਲਿਟਰ ਦੀ ਮਨਜੂਰ ਹੋਈ ਸੀਮਾ ਤੋਂ ਉੱਪਰ ਪਾਇਆ ਜਾਂਦਾ ਹੈ। ਇਸ 'ਚ ਮਾਨਸਾ, ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਰੋਪੜ, ਫਰੀਦਕੋਟ, ਨਵਾਂਸ਼ਹਿਰ, ਸੰਗਰੂਰ, ਤਰਨਤਾਰਨ, ਮੋਹਾਲੀ, ਪਠਾਨਕੋਟ ਅਤੇ ਪਟਿਆਲਾ ਸ਼ਾਮਲ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ ਰਾਹੀਂ ਰਾਜ ਸਭਾ ਵਿੱਚ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਵਿੱਚ ਪੀਣ ਵਾਲੇ ਪਾਣੀ ਵਿੱਚ ਆਰਸੈਨਿਕ ਗੰਦਗੀ ਵਾਲੀ ਬਸਤੀਆਂ ਦੀ ਗਿਣਤੀ 12 ਦਸੰਬਰ ਨੂੰ 522 ਅਤੇ ਦਸੰਬਰ 2020 ਵਿੱਚ ਇਹ ਗਿਣਤੀ 616 ਸੀ। ਜੇਕਰ 1 ਅਪ੍ਰੈਲ 2022 ਅਤੇ 7 ਦਸੰਬਰ 2022 ਦੇ ਇਕੱਠੇ ਕੀਤੇ ਅੰਕੜਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਪ੍ਰਭਾਵਿਤ ਰਿਹਾਇਸ਼ਾਂ ਦੀ ਗਿਣਤੀ 215 ਤੋਂ 203 ਅਤੇ ਗੁਰਦਾਸਪੁਰ ਵਿੱਚ 184 ਤੋਂ ਘਟ ਕੇ 169 ਰਹਿ ਗਈ ਹੈ। ਪਿਛਲੇ ਅੱਠ ਮਹੀਨਿਆਂ ਵਿੱਚ ਤਰਨਤਾਰਨ ਵਿੱਚ ਵੀ 74 ਤੋਂ 69 ਤੱਕ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਅਰਸ਼ਦੀਪ ਸਿੰਘ ਨੇ ਦੁਨੀਆ ਭਰ 'ਚ ਵਧਾਇਆ ਜਲੰਧਰ ਦਾ ਮਾਣ, ਕੈਮਰੇ 'ਚ ਕੈਦ ਕੀਤੀ ਇਹ ਖ਼ੂਬਸੂਰਤ ਤਸਵੀਰ

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 2024 ਤੱਕ ਹਰੇਕ ਗ੍ਰਾਮੀਣ ਘਰ ਨੂੰ ਨਿਯਮਤ ਆਧਾਰ 'ਤੇ ਨਿਰਧਾਰਿਤ ਗੁਣਵੱਤਾ ਦੇ ਪੀਣ ਯੋਗ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਹੈ। ਇਸ ਪ੍ਰੋਜੈਕਟ ਦੇ ਲਾਗੂ ਹੋਣ ਵਿੱਚ ਸਮਾਂ ਲੱਗੇਗਾ ਇਸ ਲਈ ਸੂਬਾ ਸਰਕਾਰਾਂ ਨੂੰ ਕਮਿਊਨਿਟੀ ਵਾਟਰ ਸ਼ੁੱਧੀਕਰਨ ਪਲਾਂਟ (CWPPs) ਲਗਾਉਣ ਦੀ ਸਲਾਹ ਦਿੱਤੀ ਗਈ ਹੈ ਖ਼ਾਸ ਤੌਰ 'ਤੇ ਆਰਸੈਨਿਕ ਅਤੇ ਫਲੋਰਾਈਡ-ਪ੍ਰਭਾਵਿਤ ਬਸਤੀਆਂ ਵਿੱਚ। ਇਸ ਤਹਿਤ ਪੀਣ ਅਤੇ ਖਾਣਾ ਬਣਾਉਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰੇਕ ਪਰਿਵਾਰ ਨੂੰ 8-10 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ (LPCD) ਦੀ ਦਰ ਨਾਲ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਦੂਸ਼ਿਤ ਪੀਣ ਵਾਲੇ ਪਾਣੀ ਤੋਂ ਪ੍ਰਭਾਵਿਤ ਆਬਾਦੀਆਂ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ, ਪੰਜਾਬ ਸ਼ੁੱਧੀਕਰਨ ਪਲਾਂਟਾਂ ਵੱਲ ਹੌਲੀ ਚੱਲ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵਿਤ ਬਸਤੀਆਂ ਵਾਲੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ, ਸਰਕਾਰ ਹੁਣ ਤੱਕ 203 ਵਿੱਚੋਂ 158 ਖੇਤਰਾਂ ਵਿੱਚ ਸੀ. ਡਬਲਯੂ. ਪੀ. ਪੀ.  ਲਗਾਉਣ ਵਿੱਚ ਕਾਮਯਾਬ ਰਹੀ ਹੈ, ਜਦਕਿ ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਕ੍ਰਮਵਾਰ 169 ਵਿੱਚੋਂ 80 ਅਤੇ 69 ਵਿੱਚੋਂ 47 ਵਿੱਚ ਹੀ ਸੀ. ਡਬਲਿਊ. ਪੀ. ਪੀ. ਸ਼ੁੱਧੀਕਰਨ ਪਲਾਂਟਾਂ ਨਾਲ ਕਵਰ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News