ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਅਰਵਿੰਦ ਕੇਜਰੀਵਾਲ, ਜਲੰਧਰ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ

Wednesday, Dec 15, 2021 - 11:57 AM (IST)

ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਅਰਵਿੰਦ ਕੇਜਰੀਵਾਲ, ਜਲੰਧਰ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ

ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਜਲੰਧਰ ਵਿਖੇ ਹੋਣ ਜਾ ਰਹੀ ਤਿਰੰਗਾ ਯਾਤਰਾ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਹਵਾਈ ਅੱਡੇ ਪਹੁੰਚ ਚੁੱਕੇ ਹਨ। ਕੇਜਰੀਵਾਲ ਜਲਦ ਹੀ ਜਲੰਧਰ ਲਈ ਰਵਾਨਾ ਹੋਣਗੇ ਅਤੇ ਜਲੰਧਰ ਦੇ ਵੱਖ- ਵੱਖ ਚੌਂਕਾਂ ਰਾਹੀਂ ਸ਼ਹਿਰ ਭਰ 'ਚ ਨਿਕਲਣ ਵਾਲੀ ਤਿਰੰਗਾ ਯਾਤਰਾ ਦੀ ਅਗਵਾਈ ਕਰਨਗੇ। ਜਲੰਧਰ ਲਈ ਰਵਾਨਾ ਹੋਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਬੁਰਾ ਦੌਰ ਵੇਖਿਆ ਹੈ ਅਤੇ ਕੋਈ ਪੰਜਾਬੀ ਅਜਿਹਾ ਦੌਰ ਮੁੜ ਨਹੀਂ ਵੇਖਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ। ਪੰਜਾਬ ਦੀ ਧਰਤੀ ਨੇ ਕਈ ਸ਼ਹੀਦਾਂ ਨੂੰ ਜਨਮ ਦਿੱਤਾ ਹੈ। ਅੱਜ ਦੀ ਤਿਰੰਗਾ ਯਾਤਰਾ ਪੰਜਾਬ ਦੀ ਅਮਨ ਸ਼ਾਂਤੀ ਅਤੇ ਚੈਨ ਲਈ ਕੱਢੀ ਜਾਵੇਗੀ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਯਾਤਰਾ ਪੰਜਾਬ ਦੇ ਭਵਿੱਖ ਲਈ ਕੱਢੀ ਜਾਵੇਗੀ ਇਸ ਕਰਕੇ ਵੱਧ ਤੋਂ ਵੱਧ ਲੋਕ ਇਸ ਯਾਤਰਾ ਵਿੱਚ ਸ਼ਾਮਲ ਹੋਣ।

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਧਮਾਕਾ ਕਰਨ ਦੀ ਰੌਂਅ 'ਚ ਭਾਜਪਾ, ਬਦਲਣਗੇ ਸਿਆਸੀ ਸਮੀਕਰਨ

ਦੱਸਣਯੋਗ ਹੈ ਕਿ ਬੀਤੇ ਦਿਨ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਹੱਥਾਂ ਵਿੱਚ ਤਿਰੰਗਾ ਫੜ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਯਾਤਰਾ 'ਚ ਸ਼ਮੂਲੀਅਤ ਕਰਨ। ਅੱਜ ਦੀ ਇਸ ਯਾਤਰਾ ਮਗਰੋਂ ਅਰਵਿੰਦ ਕੇਜਰੀਵਾਲ ਭਲਕੇ 16 ਦਸੰਬਰ ਨੂੰ ਵਿਧਾਨ ਸਭਾ ਹਲਕਾ ਲੰਬੀ ਵਿੱਚ ਪਹੁੰਚਣਗੇ ਅਤੇ ਹਲਕੇ ਦੇ ਪਿੰਡ ਖੁੱਡੀਆਂ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਕਾਬਲੇ-ਗੌਰ ਹੈ ਕਿ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ 'ਚ ਚੋਣ ਰੈਲੀਆਂ ’ਚ ਹਿੱਸਾ ਲੈ ਰਹੇ ਹਨ ਅਤੇ ਪੰਜਾਬੀਆਂ ਲਈ ਗਾਰੰਟੀਆਂ ਦਾ ਐਲਾਨ ਕਰ ਰਹੇ ਹਨ।ਕੇਜਰੀਵਾਲ ਨੇ ਪੰਜਾਬੀਆਂ ਨੂੰ ਗਾਰੰਟੀਆਂ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਆਉਣ 'ਤੇ 18 ਸਾਲ ਤੋਂ ਉੱਪਰ ਉਮਰ ਦੀਆਂ ਔਰਤਾਂ ਨੂੰ 1-1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਕੁਝ ਦਿਨ ਪਹਿਲਾਂ ਕਰਤਾਰਪੁਰ ’ਚ ਕੇਜਰੀਵਾਲ ਵੱਲੋਂ ਮਹਿਲਾ ਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਇਸ ਲਈ ਰਜਿਸਟ੍ਰੇਸ਼ਨ ਵੀ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋਰਾਣਾ ਗੁਰਜੀਤ ਤੇ ਨਵਤੇਜ ਚੀਮਾ ਦੀ ਸਿਆਸੀ ਜੰਗ 'ਚ ਸਿੱਧੂ ਦੀ ਐਂਟਰੀ, ਦਿੱਤਾ ਵੱਡਾ ਬਿਆਨ 

ਇਸ ਤੋਂ ਪਹਿਲਾਂ ਪੰਜਾਬ ਦੌਰੇ ’ਤੇ ਆਏ ਕੇਜਰੀਵਾਲ ਨੇ ਐੱਸ. ਸੀ. ਭਾਈਚਾਰੇ ਦੇ ਸਾਰੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਵਾਅਦਾ ਵੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਐੱਸ.ਸੀ.ਭਾਈਚਾਰੇ ਦਾ ਜਿਹੜਾ ਵੀ ਬੱਚਾ ਆਪਣੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਸ ਦਾ ਸਾਰਾ ਖ਼ਰਚ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੀ ਕਿ ਜੇਕਰ ਵਿਦਿਆਰਥੀ ਕਿਸੇ ਵਿਸ਼ੇ ਸੰਬੰਧੀ ਕੋਚਿੰਗ ਲੈਣਾ ਚਾਹੁੰਦਾ ਹੈ ਚਾਹੇ ਉਹ ਕੋਈ ਸਰਕਾਰੀ ਪੇਪਰ ਹੋਵੇ ਜਾਂ ਕੰਪਿਊਟਰ ਕੋਚਿੰਗ ਤਾਂ ਇਸ ਦੀ ਫ਼ੀਸ ਵੀ ਸਰਕਾਰ ਵਲੋਂ ਅਦਾ ਕੀਤੀ ਜਾਵੇਗੀ। ਇਸੇ ਤਰ੍ਹਾਂ ਕੇਜਰੀਵਾਲ ਵੱਲੋਂ ਸਭ ਲਈ ਮੁਫ਼ਤ ਸਿਹਤ ਸਹੂਲਤਾਂ ਦਾ ਐਲਾਨ ਵੀ ਕੀਤਾ ਗਿਆ ਹੈ।ਅਰਵਿੰਦ ਕੇਜਰੀਵਾਲ ਜਦੋਂ ਵੀ ਪੰਜਾਬ ਦੌਰੇ 'ਤੇ ਆਉਂਦੇ ਹਨ ਤਾਂ ਪੰਜਾਬੀਆਂ ਲਈ ਗਾਰੰਟੀਆਂ ਦਾ ਐਲਾਨ ਕਰਦੇ ਹਨ।ਅੱਜ ਜਲੰਧਰ ਵਿਖੇ ‘ਤਿਰੰਗਾ ਯਾਤਰਾ’ ’ਚ ਵੀ ਕੇਜਰੀਵਾਲ ਚੋਣਾਂ ਦੇ ਮੱਦੇਨਜ਼ਰ ਕੋਈ ਵੱਡਾ ਐਲਾਨ ਕਰ ਸਕਦੇ ਹਨ

ਨੋਟ: ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
 


author

Harnek Seechewal

Content Editor

Related News