25 ਕਰੋੜ ਦੀ ਹੈਰੋਇਨ ਸਣੇ ਸਾਬਕਾ ਸਰਪੰਚ ਤੇ 3 ਸਾਥੀ ਗ੍ਰਿਫਤਾਰ

Saturday, Nov 07, 2020 - 10:54 PM (IST)

25 ਕਰੋੜ ਦੀ ਹੈਰੋਇਨ ਸਣੇ ਸਾਬਕਾ ਸਰਪੰਚ ਤੇ 3 ਸਾਥੀ ਗ੍ਰਿਫਤਾਰ

ਲੁਧਿਆਣਾ, (ਅਨਿਲ)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਟੀਮ ਨੇ ਅੱਜ ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਲ ਕਰਦਿਆਂ 4 ਨਸ਼ਾ ਸਮੱਗਲਰਾਂ ਨੂੰ 25 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਟੀ. ਐੱਫ. ਦੇ ਆਈ. ਜੀ. ਪੀ. ਬਲਕਾਰ ਸਿੰਘ ਅਤੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਕੁਝ ਨਸ਼ਾ ਸਮੱਗਲਰ ਅੱਜ ਜਗਰਾਓਂ ਵੱਲੋਂ ਹੈਰੋਇਨ ਦੀ ਵੱਡੀ ਖੇਪ ਲੈ ਕੇ ਆ ਰਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਟੀ. ਐੱਫ. ਦੀ ਟੀਮ ਨੇ ਗੁਰਦੁਆਰਾ ਨਾਨਕਸਰ ਸਾਹਿਬ ਜਗਰਾਓਂ ਦੇ ਕੋਲ ਚਾਰ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ। ਇਨ੍ਹਾਂ ਮੁਲਜ਼ਮਾਂ ਕੋਲੋਂ 5 ਕਿਲੋ 392 ਗ੍ਰਾਮ ਹੈਰੋਇਨ, 21,04,950 ਰੁਪਏ ਦੀ ਡਰੱਗ ਮਨੀ ਅਤੇ ਇਕ 32 ਬੋਰ ਦਾ ਰਿਵਾਲਵਰ, ਇਕ 12 ਬੋਰ ਦੀ ਪੰਪ ਐਕਸ਼ਨ ਗੰਨ ਅਤੇ ਇਕ 315 ਬੋਰ ਦੀ ਰਾਈਫਲ ਬਰਾਮਦ ਕੀਤੀ ਗਈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਗਿਰੋਹ ਦੇ ਸਰਗਣਾ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਵਾਸੀ ਪਾਇਲ, ਰਵੇਜ ਵਾਸੀ ਮਹਾਵੀਰ ਕਾਲੋਨੀ ਬਾੜੇਵਾਲ ਅਵਾਣਾ, ਲੁਧਿਆਣਾ, ਇਕਬਾਲ ਸਿੰਘ ਵਾਸੀ ਰਾਣੋ ਅਤੇ ਰਣਦੀਪ ਸਿੰਘ ਵਾਸੀ ਖੰਨਾ ਵਜੋਂ ਕੀਤੀ ਗਈ, ਜਿਨ੍ਹਾਂ ਖਿਲਾਫ ਐੱਸ. ਟੀ. ਐੱਫ. ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਕਰੋੜਾਂ ਦੀਆਂ 8 ਲਗਜ਼ਰੀ ਗੱਡੀਆਂ ਬਰਾਮਦ

ਆਈ. ਜੀ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਦੀਪ ਸਿੰਘ ਸਾਬਕਾ ਸਰਪੰਚ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ, ਜਿਸ ਨੇ ਨਸ਼ੇ ਦੇ ਕਾਰੋਬਾਰ ਨਾਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਤੇ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਖਰੀਦ ਰੱਖੀਆਂ ਹਨ। ਅੱਜ ਮੁਲਜ਼ਮ ਦੇ ਕੋਲੋਂ 1 ਫਾਰਚੂਨਰ , 1 ਔਡੀ, 2 ਬੀ. ਐੱਮ. ਡਬਲਯੂ. ਕਾਰਾਂ, 2 ਇਨੋਵਾ ਗੱਡੀਆਂ, 1 ਜੈਗੁਆਰ ਅਤੇ 1 ਮਰਸੀਡੀਜ਼ ਬੈਂਜ਼ ਕਾਰ ਬਰਾਮਦ ਕੀਤੀ ਹੈ।


author

Bharat Thapa

Content Editor

Related News