ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰਨ ਵਾਲਾ ASI ਭਤੀਜੇ ਸਮੇਤ ਗ੍ਰਿਫਤਾਰ
Monday, Dec 13, 2021 - 11:00 PM (IST)
ਅੰਮ੍ਰਿਤਸਰ(ਸੰਜੀਵ,ਸਾਗਰ)- ਗੋਲੀ ਮਾਰ ਨੌਜਵਾਨ ਦੀ ਹੱਤਿਆ ਕਰਨ ਵਾਲੇ ਏ. ਐੱਸ. ਆਈ. ਰਾਜੇਸ਼ ਕੁਮਾਰ ਅਤੇ ਉਸਦੇ ਭਤੀਜੇ ਸੌਰਵ ਸੇਠੀ ਨੂੰ ਅੱਜ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਨਸ਼ੇ ’ਚ ਧੁੱਤ ਪੰਜਾਬ ਪੁਲਸ ਦੇ ਇਸ ਏ. ਐੱਸ. ਆਈ. ਨੇ ਦੇਰ ਰਾਤ ਇਸਲਾਮਾਬਾਦ ਸਥਿਤ ਬੈਂਕ ਵਾਲੀ ਗਲੀ ਦੇ ਰਹਿਣ ਵਾਲੇ ਸੰਜੇ ਆਨੰਦ ਦੇ ਨਾਲ ਹੋਈ ਤਕਰਾਰ ਦੌਰਾਨ ਉਸ ’ਤੇ ਅੰਨ੍ਹੇਵਾਹ 3 ਗੋਲੀਆਂ ਚਲਾਈਆਂ ਸੀ। ਇਕ ਗੋਲੀ ਉਸ ਦੀ ਛਾਤੀ ’ਤੇ ਲੱਗਦੇ ਹੀ ਉਹ ਖੂਨ ਨਾਲ ਲੱਥਪਥ ਸਡ਼ਕ ’ਤੇ ਡਿੱਗ ਗਿਆ ਅਤੇ ਏ. ਐੱਸ. ਆਈ. ਆਪਣੇ ਭਤੀਜੇ ਦੇ ਨਾਲ ਮੌਕੇ ਤੋਂ ਫਰਾਰ ਹੋ ਗਿਆ ਸੀ।
ਇਲਾਜ ਲਈ ਹਸਪਤਾਲ ਲਿਜਾਏ ਗਏ ਸੰਜੇ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਮੌਕੇ ’ਤੇ ਪਹੁੰਚੀ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਕੇ ਏ. ਐੱਸ. ਆਈ. ਰਾਜੇਸ਼ ਕੁਮਾਰ ਅਤੇ ਉਸ ਦੇ ਭਤੀਜੇ ਸੌਰਵ ਸੇਠੀ ਖਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਸੀ। ਸੰਜੇ ਆਨੰਦ ਪਹਿਲਾਂ ਕੌਂਸਲਰ ਅਤੇ ਕਾਂਗਰਸੀ ਨੇਤਾ ਦਾ ਵਲੈਤੀ ਰਾਮ ਆਨੰਦ ਦਾ ਪੁੱਤਰ ਸੀ। ਪੁਲਸ ਨੇ ਅੱਜ ਦੋਵੇਂ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ’ਚ ਇਸਤੇਮਾਲ ਕੀਤੀ ਗਈ ਸਰਵਿਸ ਰਿਵਾਲਵਰ ਬਰਾਮਦ ਕਰ ਲਈ ਹੈ। ਕੱਲ ਸਵੇਰੇ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ।
ਇਹ ਕਹਿਣਾ ਹੈ ਪੁਲਸ ਦਾ? : ਥਾਣਾ ਇਸਲਾਮਾਬਾਦ ਦੇ ਇੰਚਾਰਜ ਇੰਸਪੈਕਟਰ ਪ੍ਰਨੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਜਦੋਂਕਿ ਦੂਜੇ ਪਾਸੇ ਦੋਵੇਂ ਕਤਲ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।