ਨਸ਼ੇ ਦੀ ਪੂਰਤੀ ਲਈ ਚੋਰੀ ਤੇ ਸਨੈਚਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Tuesday, Jul 31, 2018 - 04:04 AM (IST)

ਲੁਧਿਅਾਣਾ(ਰਿਸ਼ੀ)-ਨਸ਼ੇ ਦੀ ਪੂਰਤੀ ਲਈ ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਚੌਕੀ ਬੱਸ ਸਟੈਂਡ ਦੀ ਪੁਲਸ ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ 12 ਮੋਬਾਇਲ ਫੋਨ ਤੇ 1 ਮੋਟਰਸਾਈਕਲ ਬਰਾਮਦ ਕਰ ਕੇ ਥਾਣਾ ਡਵੀਜ਼ਨ ਨੰ. 5 ’ਚ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਤਜਿੰਦਰ ਸਿੰਘ ਦੇ ਅਨੁਸਾਰ ਫਡ਼ੇ ਗਏ ਦੋਸ਼ੀਆਂ ਦੀ ਪਛਾਣ ਮਨਦੀਪ ਸਿੰਘ, ਰਾਜਿੰਦਰ ਕੁਮਾਰ ਤੇ ਵਿੱਕੀ ਕੁਮਾਰ ਦੇ ਰੂਪ ’ਚ ਹੋਈ ਹੈ। ਪੁਲਸ ਨੇ ਐਤਵਾਰ ਨੂੰ ਸੂਚਨਾ ਦੇ ਅਾਧਾਰ ’ਤੇ ਸ਼ਾਮ ਨਗਰ ਦੇ ਨੇਡ਼ਿਓਂ ਤਦ ਗ੍ਰਿਫਤਾਰ ਕੀਤਾ ਜਦ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ। ਪੁਲਸ ਦੇ ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਿੰਨੇ ਆਪਸ ਵਿਚ ਦੋਸਤ ਹਨ ਅਤੇ ਨਸ਼ੇ ਦੇ ਆਦੀ ਹਨ, ਨਸ਼ੇ ਦੀ ਪੂਰਤੀ ਲਈ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਕਰਦੇ ਹਨ। ਤਿੰਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਬਰਾਮਦ ਮੋਟਰਸਾਈਕਲ ਦੇ ਚੋਰੀਸ਼ੁਦਾ ਹੋਣ ਬਾਰੇ ਜਾਂਚ ਕੀਤੀ ਜਾ ਰਹੀ ਹੈ।