ਨਸ਼ੇ ਵਾਲੇ ਪਾਊਡਰ ਸਣੇ 2 ਕਾਬੂ
Friday, Jul 27, 2018 - 05:03 AM (IST)
ਬੱਧਨੀ ਕਲਾਂ(ਬੱਬੀ)-ਇਲਾਕੇ ਵਿਚ ਨਸ਼ਿਆਂ ਦੇ ਮੁੱਖ ਸਰਗਣੇ ਵਜੋਂ ਜਾਣੇ ਜਾਂਦੇ ਨਸ਼ਾ ਸਮੱਗਲਰ ਸੁਖਦੇਵ ਸਿੰਘ ਉਰਫ ਸੁੱਖਾ ਧੰਜਲ ਅਤੇ ਉਸ ਦੇ ਇਕ ਹੋਰ ਸਾਥੀ ਵੀਰ ਸਿੰਘ ਉਰਫ ਕ੍ਰਿਸ਼ਨ ਨੂੰ ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਉਕਤ ਦੋਵਾਂ ਨਸ਼ਾ ਸਮੱਗਲਰਾਂ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਰਦਿਆਂ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਜਦੋਂ ਉਹ ਖੁਦ ਪੁਲਸ ਪਾਰਟੀ ਸਮੇਤ ਬੱਧਨੀ ਕਲਾਂ ਤੋਂ ਮੱਲੇਆਣਾ, ਦੌਧਰ ਆਦਿ ਪਿੰਡਾਂ ਦੀ ਗਸ਼ਤ ਲਈ ਜਾ ਰਹੇ ਸਨ ਤਾਂ ਖੇਡ ਸਟੇਡੀਅਮ ਦੇ ਗੇਟ ਅੱਗੇ ਇਕ ਮੋਟਰਸਾਈਕਲ ਉੱਪਰ ਇਨ੍ਹਾਂ ਵਿਚੋਂ ਇਕ ਸੀਟ ’ਤੇ ਬੈਠਾ ਹੋਇਆ ਸੀ ਤੇ ਇਕ ਨਾਲ ਖ਼ਡ਼੍ਹਾ ਸੀ, ਦੋਵਾਂ ਦੇ ਹੱਥਾਂ ਵਿਚ ਕਾਲੇ ਰੰਗ ਦੇ ਮੋਮੀ ਲਿਫਾਫੇ ਫ਼ਡ਼ੇ ਹੋਏ ਸਨ, ਜਿਨ੍ਹਾਂ ਵਿਚ ਕੋਈ ਸਾਮਾਨ ਸੀ ਪ੍ਰੰਤੂ ਜਦੋਂ ਇਨ੍ਹਾਂ ਨੇ ਪੁਲਸ ਪਾਰਟੀ ਨੂੰ ਦੇਖਿਆ ਤਾਂ ਇਹ ਦੋਵੇਂ ਮੋਟਰਸਾਈਕਲ ਸਟਾਰਟ ਕਰ ਕੇ ਭੱਜ ਨਿਕਲੇ, ਜਿਸ ’ਤੇ ਮੈਂ ਸਾਥੀ ਮੁਲਾਜ਼ਮਾਂ ਨਾਲ ਇਨ੍ਹਾਂ ਦਾ ਪਿੱਛਾ ਕੀਤਾ ਤੇ ਇਨ੍ਹਾਂ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 610 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਉਰਫ ਸੁੱਖਾ ਧੰਜਲ ਦੀ ਪੁਲਸ ਨੂੰ ਕਾਫੀ ਸਮੇਂ ਤੋਂ ਤਲਾਸ਼ ਸੀ। ਅੱਜ ਵੀ ਕਿਸੇ ਮੁਖਬਰ ਨੇ ਇਨ੍ਹਾਂ ਦੇ ਮੱਲੇਆਣਾ ਰੋਡ ਵਾਲੇ ਪਾਸੇ ਹੋਣ ਦੀ ਇਤਲਾਹ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਧੰਜਲ ਨੂੰ ਕਾਬੂ ਕਰਨ ਤੋਂ ਬਾਅਦ ਏਰੀਏ ਵਿਚ ਨਸ਼ਿਆਂ ਦਾ ਧੰਦਾ ਖਤਮ ਹੋ ਜਾਵੇਗਾ। ਥਾਣਾ ਬੱਧਨੀ ਕਲਾਂ ਵਿਖੇ ਸੁਖਦੇਵ ਸਿੰਘ ਉਰਫ ਸੁੱਖਾ ਧੰਜਲ ਪੁੱਤਰ ਕੁਲਵੰਤ ਸਿੰਘ ਮਿਸਤਰੀ ਵਾਸੀ ਬੱਧਨੀ ਕਲਾਂ ਅਤੇ ਵੀਰ ਸਿੰਘ ਉਰਫ ਕ੍ਰਿਸ਼ਨ ਪੁੱਤਰ ਗੁਰਮੇਲ ਸਿੰਘ ਉਰਫ ਗੋਭੀ ਮੈਂਬਰ ਨੇਡ਼ੇ ਬਿਜਲੀ ਘਰ ਬੱਧਨੀ ਕਲਾਂ ਖਿਲਾਫ 22-61-85 ਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
