ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ 7 ਨੂੰ ਕੀਤਾ ਕਾਬੂ

Tuesday, Jul 24, 2018 - 02:21 AM (IST)

ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ 7 ਨੂੰ ਕੀਤਾ ਕਾਬੂ

ਰਾਮਾਂ ਮੰਡੀ(ਪਰਮਜੀਤ)-ਥਾਣਾ ਮੁਖੀ ਰਾਮਾਂ ਮਨੋਜ ਕੁਮਾਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਵੱਖ-ਵੱਖ ਥਾਵਾਂ ਤੋਂ 7 ਸ਼ਰਾਬ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਐੱਸ. ਐੱਚ. ਓ. ਮਨੋਜ ਕੁਮਾਰ ਨੇ ਵਿਸ਼ੇਸ਼ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਏ. ਐੱਸ. ਆਈ. ਗੁਰਮੇਜ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ  ਪਿੰਡ ਮਲਕਾਨਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਵਿਅਕਤੀ ਵਰਨਾ ਕਾਰ ’ਤੇ  ਅਾ ਰਿਹਾ ਸੀ, ਜਦੋਂ ਪੁਲਸ ਕਰਮਚਾਰੀਆਂ ਨੇ ਕਾਰ ਚਾਲਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਾਜਾਇਜ਼ ਹਰਿਆਣਾ ਦੇਸੀ ਸ਼ਰਾਬ ਦੀਆਂ 420 ਬੋਤਲਾਂ ਬਰਾਮਦ ਹੋਈਆਂ। ਉਕਤ ਵਿਅਕਤੀ ਦੀ ਪਛਾਣ ਦੀਪਕ ਕੁਮਾਰ ਵਾਸੀ ਕਾਲਾਂਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਹੈੱਡ ਕਾਂਸਟੇਬਲ ਸੁਖਦੇਵ ਸਿੰਘ ਨੇ ਜਸਵੰਤ ਸਿੰਘ ਪੁੱਤਰ ਤੇਜਾ ਸਿੰਘ ਅਤੇ ਚੰਦ ਸਿੰਘ ਵਾਸੀ ਸੇਖੂ ਨੂੰ 50 ਬੋਤਲਾਂ ਹਰਿਆਣਾ ਨਾਜਾਇਜ਼ ਦੇਸੀ ਸ਼ਰਾਬ ਸਣੇ ਕਾਬੂ ਕੀਤਾ ਹੈ। ਐੱਸ. ਐੱਚ. ਓ. ਮਨੋਜ ਕੁਮਾਰ ਨੇ ਦੱਸਿਆ ਕਿ ਰਿਫ਼ਾਈਨਰੀ ਚੌਕੀ ਇੰਚਾਰਜ ਕਿਸ਼ਨ ਸਿੰਘ  ਨੇ ਮੁਖਬਰੀ ਦੇ ਆਧਾਰ ’ਤੇ 20 ਵਿਅਕਤੀਆਂ  ਖਿਲਾਫ਼ ਗੈਰ-ਕਾਨੂੰਨੀ ਧੰਦੇ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ, ਜਿਸ ’ਤੇ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ, ਉਕਤ ਵਿਅਕਤੀਆਂ ਦੀ ਪਛਾਣ ਮੋਰ ਸਿੰਘ, ਰਾਜ ਸਿੰਘ, ਛਿੰਦਾ ਸਿੰਘ, ਗੱਗੀ ਸਿੰਘ ਵਜੋਂ ਹੋਈ ਹੈ। ਥਾਣਾ ਮੁਖੀ ਮਨੋਜ ਕੁਮਾਰ ਸ਼ਰਮਾ ਨੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਲਾਕੇ ’ਚ ਜੋ ਵੀ ਵਿਅਕਤੀ ਗੈਰ-ਕਾਨੂੰਨੀ ਧੰਦਾ ਕਰਦੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਰਾਮਾਂ ਪੁਲਸ ਨੇ ਉਕਤ ਵਿਅਕਤੀਆਂ ਨੂੰ ਸ਼ਰਾਬ ਸਮੇਤ ਗ੍ਰਿਫਤਾਰ ਕਰ ਕੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News