ਨਕਲੀ ਸੋਨਾ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼
Tuesday, Jun 12, 2018 - 03:02 AM (IST)

ਮਾਨਸਾ(ਸੰਦੀਪ ਮਿੱਤਲ)-ਪੰਜਾਬ ਪੁਲਸ ਵੱਲੋਂ ਨੌਸਰਬਾਜ਼ਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਭੋਲੇ-ਭਾਲੇ ਲੋਕਾਂ ਨੂੰ ਅਸਲੀ ਸੋਨਾ ਦੱਸ ਕੇ ਨਕਲੀ ਸੋਨਾ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰ ਕੇ ਉਨ੍ਹਾਂ ਕੋਲੋਂ 2 ਕਿੱਲੋ ਨਕਲੀ ਸੋਨੇ ਦੀਆਂ ਚੇਨਾਂ, ਨਕਦੀ ਅਤੇ ਇਕ ਅਸਲੀ ਸੋਨੇ ਦਾ ਮੋਤੀ ਬਰਾਮਦ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਪੁਲਸ ਮੁਖੀ ਪਰਮਬੀਰ ਸਿੰਘ ਪਰਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਭੋਲੇ-ਭਾਲੇ ਲੋਕਾਂ ਨੂੰ ਨੌਸਰਬਾਜ਼ਾਂ ਵੱਲੋਂ ਅਸਲੀ ਸੋਨਾ ਦੱਸ ਕੇ ਨਕਲੀ ਸੋਨਾ ਦੇਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਨੂੰ ਮੁੱਖ ਰੱਖਦਿਆਂ ਐੱਸ. ਪੀ. ਨਰਿੰਦਰਪਾਲ ਸਿੰਘ ਵੜਿੰਗ, ਡੀ. ਐੱਸ. ਪੀ. ਗੁਰਸ਼ਰਨ ਸਿੰਘ ਅਤੇ ਸੀ. ਆਈ. ਏ. ਸਟਾਫ਼ ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਦੀ ਰਹਿਨੁਮਾਈ ਹੇਠ ਇਕ ਕਮੇਟੀ ਗਠਿਤ ਕੀਤੀ ਗਈ। ਜਿਨ੍ਹਾਂ ਨੇ ਬੜੀ ਬਾਰੀਕੀ ਨਾਲ ਕੀਤੀ ਛਾਣਬੀਣ ਉਪਰੰਤ ਇਥੋਂ ਦੀ ਤਿੰਨਕੋਣੀ ਕੋਲ ਮਨੋਜ ਪੁੱਤਰ ਗੰਗਾ ਰਾਮ ਵਾਸੀ ਦਿੱਲੀ, ਈਸ਼ਵਰ ਪੁੱਤਰ ਪੂਰਨ ਲਾਲ ਵਾਸੀ ਦਿੱਲੀ ਅਤੇ ਬਬਲੀ ਪਤਨੀ ਦੌਲਤ ਰਾਮ ਵਾਸੀ ਦਿੱਲੀ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 2 ਕਿੱਲੋ ਨਕਲੀ ਸੋਨੇ ਦੀਆਂ ਚੇਨਾਂ, 3500 ਰੁਪਏ ਨਕਦ ਅਤੇ ਇਕ ਅਸਲੀ ਸੋਨੇ ਦਾ ਮੋਤੀ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਉਕਤ ਦੋਸ਼ੀਆਂ ਨੇ ਦੱਸਿਆ ਕਿ ਉਹ ਵੱਖ-ਵੱਖ ਪਿੰਡਾਂ ਵਿਚ ਜਾ ਕੇ ਪਹਿਲਾਂ ਉਨ੍ਹਾਂ ਦੀ ਲੜਕੀ ਨੂੰ ਬੱਚਾ ਪੈਦਾ ਹੋਣ ਦੀ ਗੱਲ ਕਰ ਕੇ ਪਿਓਰ ਦੇਸੀ ਘਿਉ ਦੀ ਮੰਗ ਕਰਦੇ ਸਨ, ਜਿਸ ਉਪਰੰਤ ਉਹ ਪੇਂਡੂਆਂ ਨੂੰ ਆਪਣੀਆਂ ਗੱਲਾਂ 'ਚ ਲੈ ਕੇ ਕਹਿੰਦੇ ਸਨ ਕਿ ਧਰਤੀ ਦੀ ਖੋਦਾਈ ਸਮੇਂ ਉਨ੍ਹਾਂ ਨੂੰ ਕਾਫ਼ੀ ਸੋਨਾ ਮਿਲਿਆ ਹੈ ਜੋ ਉਹ ਉਨ੍ਹਾਂ ਨੂੰ ਘੱਟ ਰੇਟ 'ਤੇ ਦੇਣ ਲਈ ਤਿਆਰ ਹਨ। ਆਪਣੇ ਆਪ ਨੂੰ ਸੱਚਾ ਹੋਣ ਦਾ ਸਬੂਤ ਦਿੰਦਿਆਂ ਉਹ ਇਕ-ਦੋ ਮਿਲੀਗ੍ਰਾਮ ਅਸਲੀ ਸੋਨੇ ਦੇ ਦਾਣੇ ਉਨ੍ਹਾਂ ਨੂੰ ਇਹ ਕਹਿ ਕੇ ਦੇ ਦਿੰਦੇ ਸਨ ਕਿ ਉਹ ਇਸ ਨੂੰ ਚੈੱਕ ਕਰਵਾ ਲੈਣ ਪਰ ਜਦੋਂ ਭੋਲੇ-ਭਾਲੇ ਲੋਕ ਸੋਨਾ ਚੈੱਕ ਕਰਵਾਉਂਦੇ ਤਾਂ ਤੁਰੰਤ ਜਾਲ ਵਿਚ ਫਸ ਜਾਂਦੇ। ਉਕਤ ਦੋਸ਼ੀਆਂ ਨੇ ਲੁਧਿਆਣਾ, ਬਰਨਾਲਾ, ਧੂਰੀ, ਮਾਨਸਾ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਅਜਿਹੀਆਂ ਠੱਗੀਆਂ ਮਾਰਨਾ ਕਬੂਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਨੂੰ 12 ਜੂਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।