ਦੇਸੀ ਸ਼ਰਾਬ ਤੇ 35 ਲੀਟਰ ਲਾਹਣ ਸਮੇਤ 3 ਕਾਬੂ, 2 ਫਰਾਰ

05/05/2018 4:48:57 AM

ਪਾਇਲ(ਬਰਮਾਲੀਪੁਰ)-ਥਾਣਾ ਪਾਇਲ ਦੀ ਪੁਲਸ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੌਰਾਨ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਨੇੜਲੇ ਪਿੰਡ ਘੁਡਾਣੀ ਕਲਾਂ ਵਿਖੇ ਸ਼ਰਾਬ ਦਾ ਗੋਦਾਮ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਛੋਟੇ ਜਿਹੇ ਗੋਦਾਮ 'ਚੋਂ ਪੁਲਸ ਨੇ ਮੌਕੇ ਤੋਂ 120 ਪੇਟੀਆਂ ਦੇਸੀ ਸ਼ਰਾਬ ਤੇ 35 ਲੀਟਰ ਦੇ ਕਰੀਬ ਲਾਹਣ ਵੀ ਬਰਾਮਦ ਕੀਤੀ। ਮੌਕੇ ਤੋਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਉਸ ਦੇ 2 ਸਾਥੀ ਫਰਾਰ ਹੋਣ 'ਚ ਸਫਲ ਹੋ ਗਏ।  ਥਾਣਾ ਪਾਇਲ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦਿਆਂ ਉਪ ਪੁਲਸ ਕਪਤਾਨ ਰਛਪਾਲ ਸਿੰਘ ਢੀਂਡਸਾ ਅਤੇ ਐੱਸ. ਐੱਚ. ਓ. ਪਾਇਲ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨਹਿਰ ਦੇ ਪੁਲ ਡੂਮ ਵਿਖੇ ਨਾਕੇ 'ਤੇ ਮੌਜੂਦ ਸੀ ਤਾਂ ਇਕ ਖਾਸ ਮੁਖਬਰ ਦੀ ਇਤਲਾਹ 'ਤੇ ਨੇੜਲੇ ਪਿੰਡ ਘੁਡਾਣੀ ਕਲਾਂ ਵਿਖੇ ਸਰਬਜੀਤ ਸਿੰਘ ਉਰਫ ਸਰਬਾ ਦੀ ਮੋਟਰ 'ਤੇ ਛਾਪਾ ਮਾਰਿਆ। ਪੁਲਸ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਮੋਟਰ 'ਤੇ ਬਣੇ ਹੋਏ ਤੂੜੀ ਵਾਲੇ ਵੱਡੇ ਸ਼ੈੱਡ ਨੂੰ ਸ਼ਰਾਬ ਦੇ ਗੋਦਾਮ ਵਜੋਂ ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਹੋਇਆ ਸੀ। ਬਾਰੀਕੀ ਨਾਲ ਜਾਂਚ ਕਰਨ 'ਤੇ ਪੁਲਸ ਨੂੰ ਇਸ ਸ਼ੈੱਡ 'ਚੋਂ 120 ਪੇਟੀਆਂ ਦੇਸੀ ਸ਼ਰਾਬ ਬਰਾਮਦ ਹੋਈ, ਜਿਸ ਨੂੰ ਤੁਰੰਤ ਕਬਜ਼ੇ 'ਚ ਲੈ ਲਿਆ ਗਿਆ। ਮੋਟਰ ਦਾ ਮਾਲਕ ਸਰਬਜੀਤ ਸਿੰਘ ਸਰਬਾ ਮੌਕੇ 'ਤੇ ਪੁਲਸ ਦੇ ਹੱਥ ਆ ਗਿਆ, ਜਦਕਿ ਉਸ ਦੇ 2 ਸਾਥੀ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਕਾਬੂ ਕਰਨ ਉਪਰੰਤ ਪੁਲਸ ਦੇ ਹੱਥ ਅਹਿਮ ਸੁਰਾਗ ਲੱਗੇ ਕਿ ਇਸ ਥਾਂ ਨੂੰ ਲੰਮੇ ਸਮੇਂ ਤੋਂ ਨਸ਼ਾ ਸਮੱਗਲਰਾਂ ਵੱਲੋਂ ਨਾਜਾਇਜ਼ ਸ਼ਰਾਬ ਸਾਂਭਣ ਦੇ ਕੇਂਦਰ ਵਜੋਂ ਵਰਤਿਆ ਜਾ ਰਿਹਾ ਸੀ।ਪ੍ਰੈੱਸ ਕਾਨਫਰੰਸ ਵਿਚ ਅਹਿਮ ਖੁਲਾਸਾ ਕਰਦਿਆਂ ਪੁਲਸ ਨੇ ਕਿਹਾ ਕਿ ਸ਼ੈੱਡ 'ਚ ਨਾਜਾਇਜ਼ ਸ਼ਰਾਬ ਰੱਖਣ ਲਈ ਸਰਬਜੀਤ ਸਿੰਘ ਸਰਬਾ ਸ਼ੈੱਡ ਦਾ 50 ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਕਿਰਾਇਆ ਲੈਂਦਾ ਸੀ। ਪੁਲਸ ਮੁਤਾਬਿਕ ਸ਼ਰਾਬ ਦੇ ਇਸ ਨਾਜਾਇਜ਼ ਕਾਰੋਬਾਰ ਦੀ ਜੜ੍ਹਾਂ ਤੱਕ ਪਹੁੰਚਣ ਲਈ ਫਰਾਰ ਹੋਏ ਕਥਿਤ ਦੋਸ਼ੀਆਂ ਰਜਿੰਦਰ ਕੁਮਾਰ ਹੈਪੀ ਤੇ ਬਲਦੀਪ ਸਿੰਘ ਬੱਲੀ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦ ਹੀ ਗ੍ਰਿਫਤਾਰ ਕਰ ਕੇ ਇਸ ਨਾਜਾਇਜ਼ ਧੰਦੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ ਆਬਕਾਰੀ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ 2 ਨੌਜਵਾਨਾਂ ਨੂੰ 50 ਪੇਟੀਆਂ ਚੰਡੀਗੜ੍ਹ ਸ਼ਰਾਬ ਤੇ ਇਨੋਵਾ ਗੱਡੀ ਸਮੇਤ ਗ੍ਰਿਫਤਾਰ ਕਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਈਸੜੂ ਬਲਵੀਰ ਸਿੰਘ ਨੇ ਆਪਣੇ ਮੁਲਾਜ਼ਮਾਂ ਸਮੇਤ ਈਸੜੂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਕਿਸੇ ਮੁਖਬਰ ਨੇ ਆ ਕੇ ਇਤਲਾਹ ਦਿੱਤੀ ਕਿ ਯਾਦਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਟਲਾ ਬਜਵਾੜਾ, ਸੁਖਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਖਾਨਪੁਰ ਇਨੋਵਾ ਗੱਡੀ 'ਤੇ ਪਿੰਡ ਘਟੀਂਡ, ਰਾਜੇਵਾਲ ਹੁੰਦੇ ਹੋਏ ਈਸੜੂ ਵੱਲ ਨੂੰ ਆ ਰਹੇ ਹਨ। ਉਨ੍ਹਾਂ ਕੋਲ ਵੱਡੀ ਮਾਤਰਾ ਵਿਚ ਚੰਡੀਗੜ੍ਹ ਦੀ ਸ਼ਰਾਬ ਹੈ। ਪੁਲਸ ਨੇ ਤੁਰੰਤ ਈਸੜੂ-ਰਾਜੇਵਾਲ ਪੁਲੀ 'ਤੇ ਨਾਕਾਬੰਦੀ ਕਰ ਕੇ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ 50 ਪੇਟੀਆਂ ਚੰਡੀਗੜ੍ਹ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਇਸ ਮੌਕੇ ਚੌਕੀ ਇੰਚਾਰਜ ਬਲਵੀਰ ਸਿੰਘ ਨਾਲ ਐੱਸ. ਆਈ. ਸੁਰਜੀਤ ਸਿੰਘ, ਐਕਸਾਈਜ਼ ਇੰਸਪੈਕਟਰ ਹਰਜੀਤ ਸਿੰਘ, ਹੌਲਦਾਰ ਮੇਜਰ ਸਿੰਘ ਤੇ ਸਿਪਾਹੀ ਪਰਮਿੰਦਰ ਸਿੰਘ ਹਾਜ਼ਰ ਸਨ। 


Related News