ਲੜਕੀ ਦੇ ਭੇਸ ''ਚ ਆਇਆ ਵਿਦੇਸ਼ੀ ਠੱਗ ਕਾਬੂ

Saturday, Apr 28, 2018 - 05:18 AM (IST)

ਲੜਕੀ ਦੇ ਭੇਸ ''ਚ ਆਇਆ ਵਿਦੇਸ਼ੀ ਠੱਗ ਕਾਬੂ

ਖੰਨਾ(ਸੁਖਵਿੰਦਰ ਕੌਰ,ਸੁਨੀਲ)-ਖੰਨਾ ਸਿਟੀ ਪੁਲਸ ਨੇ ਰੋਮਾਨੀਆ ਵਾਸੀ ਇਕ ਲੜਕਾ ਨੂੰ ਵੈਸਟਰਨ ਯੂਨੀਅਨ ਦੇ ਇਕ ਡੀਲਰ ਨਾਲ ਠੱਗੀ ਕਰਨ ਦੇ ਦੋਸ਼ 'ਚ ਕਾਬੂ ਕੀਤਾ ਹੈ। ਪੁਲਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਖੂਬਸੂਰਤ ਵਿਦੇਸ਼ੀ ਲੜਕੀ ਕਰੰਸੀ ਬਦਲਾਉਣ ਲਈ ਵੈਸਟਰਨ ਯੂਨੀਅਨ ਦੇ ਡੀਲਰ ਜੇ. ਸੀ.  ਗੋਇਲ ਦੀ ਦੁਕਾਨ 'ਤੇ ਆਈ। ਉਕਤ ਲੜਕੀ ਨੇ ਇਕ ਹਜ਼ਾਰ ਯੂਰੋ ਬਦਲਵਾਏ। ਜਿਸ ਬਦਲੇ ਡੀਲਰ ਨੇ ਉਸਨੂੰ 79 ਹਜ਼ਾਰ ਰੁਪਏ ਦੀ ਨਕਦੀ ਦੇ ਦਿੱਤੀ। ਲੜਕੀ ਰੁਪਏ ਲੈ ਕੇ ਦੁਕਾਨ ਤੋਂ ਚੱਲੀ ਗਈ। ਕੁਝ ਦੇਰ ਬਾਅਦ ਹੀ ਜਦੋਂ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਗੋਇਲ ਵਾਸੀ ਮੁਹੱਲਾ, ਪੁਰਾਣਾ ਬਾਜ਼ਾਰ ਨੇ ਇਹ ਯੂਰੋ ਅੱਗੇ ਕਿਸੇ ਹੋਰ ਦੁਕਾਨਦਾਰ ਨੂੰ ਭੇਜ ਦਿੱਤੇ ਤਾਂ ਪਤਾ ਲੱਗਾ ਕਿ ਇਹ ਨਕਲੀ ਹਨ। ਜਿਸ ਦੀ ਸੂਚਨਾ ਉਕਤ ਡੀਲਰ ਨੇ ਤੁਰੰਤ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੂੰ ਦਿੱਤੀ।  ਐੱਸ. ਐੱਸ. ਪੀ. ਦੀਆਂ ਹਦਾਇਤਾਂ 'ਤੇ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ ਅਤੇ ਥਾਣਾ ਸਿਟੀ ਖੰਨਾ ਦੇ ਐੱਸ. ਐੱਚ. ਓ. ਥਾਣੇਦਾਰ ਰਜਨੀਸ਼ ਸੂਦ ਦੀ ਅਗਵਾਈ ਹੇਠਾਂ ਪੁਲਸ ਟੀਮ ਨੇ ਕਾਰਵਾਈ ਕਰਦਿਆਂ ਉਕਤ ਵਿਦੇਸ਼ੀ ਲੜਕੀ ਨੂੰ ਕਾਬੂ ਕਰ ਲਿਆ। ਕਾਬੂ ਕਰਨ ਉਪਰੰਤ ਜਾਂਚ ਦੌਰਾਨ ਪਤਾ ਲੱਗਾ ਕਿ ਰੋਮਾਨੀਆ ਵਾਸੀ ਇਕ ਲੜਕਾ ਹੀ ਲੜਕੀ ਦਾ ਭੇਸ ਬਦਲ ਕੇ ਕਰੰਸੀ ਬਦਲਵਾਉਣ ਗਿਆ ਸੀ। ਉਕਤ ਲੜਕਾ ਲੜਕੀ ਬਣ ਕੇ ਅਜਿਹੀਆਂ ਠੱਗੀਆਂ ਕਰਦਾ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਦੇਸ਼ੀ ਲੜਕੇ ਨੇ ਸੈਕਸ ਬਦਲੀ ਕਰਵਾਉਣ ਦਾ ਆਪਰੇਸ਼ਨ ਕਰਵਾਇਆ ਹੋਇਆ ਹੈ। ਜਿਸ ਤੋਂ ਬਾਅਦ ਉਹ ਲੜਕੀ ਬਣ ਕੇ ਰਹਿ ਰਿਹਾ ਹੈ। ਐੱਸ. ਐੱਚ. ਓ. ਰਜਨੀਸ਼ ਸੂਦ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ 'ਤੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News