ਹਰਿਆਣਾ ''ਚ ਚੋਰੀਆਂ ਕਰ ਕੇ ਲੁਕਣ ਆਏ ਸਨ ਲੁਧਿਆਣੇ, ਸੀ. ਆਈ. ਏ. ਨੇ ਦਬੋਚੇ
Thursday, Apr 12, 2018 - 03:48 AM (IST)
ਲੁਧਿਆਣਾ(ਰਿਸ਼ੀ)-ਹਰਿਆਣਾ 'ਚ ਸੈਂਕੜੇ ਚੋਰੀ ਦੀਆਂ ਵਾਰਦਾਤਾਂ ਕਰਨ ਤੋਂ ਬਾਅਦ ਲੁਕਣ ਲਈ ਜੀਜਾ-ਸਾਲਾ ਲੁਧਿਆਣਾ ਆ ਗਏ ਅਤੇ 20 ਦਿਨਾਂ ਤੋਂ ਕਿਰਾਏ ਦਾ ਕਮਰਾ ਲੈ ਕੇ ਰਹਿਣ ਲੱਗ ਪਏ। ਇਸ ਤੋਂ ਪਹਿਲਾਂ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ, ਸੀ. ਆਈ. ਏ.-2 ਦੀ ਪੁਲਸ ਨੇ ਦੋਵਾਂ ਨੂੰ ਦਬੋਚ ਕੇ ਥਾਣਾ ਜਮਾਲਪੁਰ 'ਚ ਕੇਸ ਦਰਜ ਕੀਤਾ ਹੈ ਅਤੇ ਚੋਰੀਸ਼ੁਦਾ 1 ਕਿਲੋ ਚਾਂਦੀ ਦੇ ਗਹਿਣੇ ਅਤੇ ਐਕਟਿਵਾ ਬਰਾਮਦ ਕੀਤੀ ਹੈ। ਸੈੱਲ ਇੰਚਾਰਜ ਰਾਜੇਸ਼ ਸ਼ਰਮਾ ਅਨੁਸਾਰ ਬਦਮਾਸ਼ਾਂ ਦੀ ਪਛਾਣ ਜੀਜਾ ਅਕਬਰ (26) ਅਤੇ ਸਾਲਾ ਰਾਹੁਲ (24) ਨਿਵਾਸੀ ਅੰਬਾਲਾ ਦੇ ਰੂਪ ਵਿਚ ਹੋਈ ਹੈ। ਦੋਵਾਂ ਖਿਲਾਫ ਹਰਿਆਣਾ 'ਚ ਲਗਭਗ 70 ਚੋਰੀਆਂ ਦੇ ਮਾਮਲੇ ਦਰਜ ਹਨ ਅਤੇ ਜੇਲ ਕੱਟਣ ਦੇ ਬਾਅਦ 4 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਏ ਹਨ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਕਿ ਲੁਧਿਆਣਾ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਅੰਬਾਲਾ 'ਚ ਇਕ ਘਰ 'ਚ ਚੋਰੀ ਕੀਤੀ ਸੀ। ਜਿੱਥੋਂ ਚੋਰੀ ਕੀਤੀ ਗਈ ਚਾਂਦੀ ਨੂੰ ਵੇਚਣ ਅਤੇ ਪੁਲਸ ਤੋਂ ਬਚਣ ਲਈ ਲੁਧਿਆਣਾ ਆ ਕੇ ਰਹਿਣ ਲੱਗ ਪਏ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।
ਸਮਰਾਲਾ ਚੌਕ ਕੋਲ ਕੀਤਾ ਚੋਰੀ ਦਾ ਯਤਨ
ਪੁਲਸ ਅਨੁਸਾਰ ਲਗਭਗ 4 ਦਿਨ ਪਹਿਲਾਂ ਉਕਤ ਜੀਜੇ-ਸਾਲੇ ਵੱਲੋਂ ਸਮਰਾਲਾ ਚੌਕ ਕੋਲ ਵੀ ਇਕ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਕਰਨ ਦਾ ਯਤਨ ਕੀਤਾ ਗਿਆ ਪਰ ਰਾਹਗੀਰਾਂ ਦੇ ਆਉਣ 'ਤੇ ਖਾਲੀ ਹੱਥ ਮੁੜ ਗਏ ਸੀ।
