ਲੁਧਿਆਣਾ : 2 ਕਰੋੜ ਦੀ ਹੈਰੋਇਨ ਸਣੇ ਦੋ ਕਾਬੂ
Thursday, Mar 08, 2018 - 04:46 AM (IST)
ਲੁਧਿਆਣਾ(ਅਨਿਲ)-ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਬੀਤੀ ਰਾਤ 2 ਨੌਜਵਾਨਾਂ ਨੂੰ 2 ਕਰੋੜ ਦੀ ਹੈਰੋਇਨ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਐੱਸ. ਟੀ. ਐੱਫ. ਦੀ ਟੀਮ ਸੈਕਟਰ 39 'ਚ ਮੌਜੂਦ ਸੀ, ਉਸੇ ਸਮੇਂ ਸਾਹਮਣੇ ਤੋਂ ਇਕ ਸਕੂਟਰੀ 'ਤੇ 2 ਨੌਜਵਾਨ ਆਉਂਦੇ ਹੋਏ ਦੇਖੇ, ਜਦ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਨੌਜਵਾਨਾਂ ਨੂੰ ਚੈਕਿੰਗ ਲਈ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਇਕਦਮ ਆਪਣੀ ਸਕੂਟਰੀ ਪਿੱਛੇ ਘੁੰਮਾ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੁਸਤੈਦੀ ਨਾਲ ਦੋਵਾਂ ਨੂੰ ਕਾਬੂ ਕਰ ਕੇ ਜਦ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 400 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 2 ਕਰੋੜ ਰੁਪਏ ਆਂਕੀ ਜਾ ਰਹੀ ਹੈ। ਦੋਵਾਂ ਨਸ਼ਾ ਸਮੱਗਲਰਾਂ ਦੀ ਪਛਾਣ ਮਨੋਜ ਕੁਮਾਰ ਮਨੂ ਨਾਗਪਾਲ (35) ਪੁੱਤਰ ਭੂਸ਼ਣ ਕੁਮਾਰ ਵਾਸੀ ਮੁਹੱਲਾ ਮੈੜ ਦੀ ਚੱਕੀ ਸ਼ਿਮਲਾਪੁਰੀ ਅਤੇ ਦੂਜੇ ਦੀ ਪਛਾਣ ਗੁਰਮੀਤ ਸਿੰਘ (34) ਪੁੱਤਰ ਰਾਮ ਦਾਸ ਵਾਸੀ ਕੋਟ ਮੰਗਲ ਸਿੰਘ ਡਾਬਾ ਵਜੋਂ ਹੋਈ, ਜਿਨ੍ਹਾਂ ਖਿਲਾਫ ਥਾਣਾ ਦਰੇਸੀ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਮਨੋਜ ਅਤੇ ਗੁਰਮੀਤ ਪਿਛਲੇ ਲੰਮੇ ਸਮੇਂ ਤੋਂ ਹੈਰੋਇਨ ਦਾ ਨਸ਼ਾ ਕਰਨ ਦੇ ਆਦੀ ਹਨ, ਜੋ ਪਹਿਲਾਂ ਖੁਦ ਖਰੀਦ ਕੇ ਨਸ਼ੇ ਦਾ ਸੇਵਨ ਕਰਦੇ ਸਨ ਅਤੇ ਬਾਅਦ ਵਿਚ ਦੋਵਾਂ ਨੇ ਮਿਲ ਕੇ ਨਸ਼ਾ ਸਮੱਗਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮਨੋਜ ਕੁਮਾਰ 'ਤੇ ਪਹਿਲਾਂ ਹੀ ਲੁਧਿਆਣਾ ਦੇ ਵੱਖ-ਵੱਖ ਥਾਣਿਆਂ 'ਚ ਨਸ਼ਾ ਸਮੱਗਲਿੰਗ ਦੇ 2 ਮਾਮਲੇ ਦਰਜ ਹਨ, ਜਿਨ੍ਹਾਂ 'ਚ ਉਹ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ।
ਤਲਾਸ਼ੀ ਲੈਣ ਲਈ ਸੀਨੀਅਰ ਅਧਿਕਾਰੀ ਨੂੰ ਬੁਲਾਉਣਾ ਪਿਆ
ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਸਮੱਗਲਰ ਕਾਨੂੰਨ ਬਾਰੇ ਚੰਗੀ ਨਾਲੇਜ ਰੱਖਦੇ ਹਨ। ਜਦ ਟੀਮ ਨੇ ਉਨ੍ਹਾਂ ਨੂੰ ਫੜਿਆ ਅਤੇ ਆਪਣੀ ਤਲਾਸ਼ੀ ਦੇਣ ਨੂੰ ਕਿਹਾ ਕਿ ਤਾਂ ਦੋਵਾਂ ਸਮੱਗਲਰਾਂ ਨੇ ਕਿਹਾ ਕਿ ਸਾਡੀ ਤਲਾਸ਼ੀ ਲੈਣੀ ਹੈ ਤਾਂ ਕਿਸੇ ਸੀਨੀਅਰ ਅਧਿਕਾਰੀ ਨੂੰ ਬੁਲਾਓ, ਜਿਸ ਦੇ ਬਾਅਦ ਟੀਮ ਨੇ ਮੌਕੇ 'ਤੇ ਖੰਨਾ ਤੋਂ ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਰਾਜੇਸ਼ ਕੁਮਾਰ ਨੂੰ ਬੁਲਾਇਆ। ਜਿਸ ਤੋਂ ਬਾਅਦ ਸਮੱਗਲਰਾਂ ਦੀ ਤਲਾਸ਼ੀ ਲਈ ਗਈ ਅਤੇ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
